ਚੰਡੀਗੜ੍ਹ: ਪੰਜਾਬ ਵਜ਼ਾਰਤ ਵਿੱਚੋਂ ਨਵਜੋਤ ਸਿੰਘ ਸਿੱਧੂ ਦੀ ਛਾਂਟੀ ਤੋਂ ਬਾਅਦ ਕਿਆਸਅਰਾਈਆਂ ਤੇਜ਼ ਸਨ ਕਿ ਬਿਜਲੀ ਮੰਤਰੀ ਦੀ ਖਾਲੀ ਪਈ ਕੁਰਸੀ ਨੂੰ ਕੌਣ ਸੰਭਾਲੇਗਾ। ਹਾਲਾਂਕਿ, ਇਸ ਦੌੜ ਵਿੱਚ ਕਈ ਨੇਤਾ ਸ਼ਾਮਲ ਸਨ, ਪਰ ਕੈਪਟਨ ਨੇ ਹਾਲ ਦੀ ਘੜੀ ਚਰਚਾਵਾਂ ਨੂੰ ਠੱਲ੍ਹ ਪਾ ਦਿੱਤੀ ਹੈ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕੀਤਾ ਹੈ ਕਿ ਹਾਲ ਦੀ ਘੜੀ ਬਿਜਲੀ ਮੰਤਰਾਲਾ ਉਹ ਖ਼ੁਦ ਹੀ ਸੰਭਾਲਣਗੇ। ਹਾਲਾਂਕਿ, ਵਿਧਾਇਕ ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਰਾਕੇਸ਼ ਪਾਂਡੇ, ਡਾ. ਰਾਜਕੁਮਾਰ ਵੇਰਕਾ ਖਾਲੀ ਕੁਰਸੀ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੈਪਟਨ ਦੀ ਪਹਿਲੀ ਪਸੰਦ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਵੀ ਮੁੜ ਤੋਂ ਮੰਤਰੀ ਬਣਨ ਲਈ ਪੂਰੀ ਵਾਹ ਲਾ ਰਹੇ ਹਨ।

ਪਰ ਹਾਲੇ ਕੁਝ ਸਮੇਂ ਤਕ ਕੈਪਟਨ ਅਮਰਿੰਦਰ ਸਿੰਘ ਹੀ ਇਸ ਵਿਭਾਗ ਨੂੰ ਸੰਭਾਲਣਗੇ। ਪਾਰਟੀ ਹਾਈਕਮਾਨ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਪੰਜਾਬ ਕੈਬਨਿਟ ਦੀ ਇਸ ਕੁਰਸੀ ਨੂੰ ਭਰੇ ਜਾਣ ਦੀ ਆਸ ਹੈ। ਪਰ ਹਾਲੇ ਕਾਂਗਰਸ ਹਾਈ ਕਮਾਨ ਖ਼ੁਦ ਹੀ ਪੈਰਾਂ ਸਿਰ ਨਹੀਂ ਹੈ। ਕਾਂਗਰਸ ਦਾ ਨਵਾਂ ਕੌਮੀ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਹੀ ਪੰਜਾਬ ਦਾ ਨਵਾਂ ਬਿਜਲੀ ਮੰਤਰੀ ਸਾਹਮਣੇ ਆ ਸਕਦਾ ਹੈ।