ਸੰਗਰੂਰ: ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਸੁਨਾਮ ਆਏ। ਇੱਥੇ ਉਨ੍ਹਾਂ ਰੈਲੀ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਸਭ ਵਿੱਚ ਸ਼ਹੀਦ ਊਧਮ ਸਿੰਘ ਦੇ ਪੜਪੋਤੇ ਜੀਤ ਸਿੰਘ (55) ਤੇਜ਼ ਧੁੱਪ ਵਿੱਚ ਲਗਪਗ 2 ਘੰਟੇ ਤਕ ਮੁੱਖ ਮੰਤਰੀ ਦੀ ਉਡੀਕ ਕਰਦੇ ਰਹੇ, ਪਰ ਮੁੱਖ ਮੰਤਰੀ ਉਨ੍ਹਾਂ ਨਾਲ 2 ਮਿੰਟ ਵੀ ਮਿਲ ਨਾ ਸਕੇ। ਸ਼ਹੀਦ ਦੇ ਪੜਪੋਤਾ ਕੈਪਟਨ ਨੂੰ ਉਨ੍ਹਾਂ ਦਾ 13 ਸਾਲ ਪੁਰਾਣਾ ਵਾਅਦਾ ਯਾਦ ਕਰਵਾਉਣ ਆਏ ਸੀ।


ਦਰਅਸਲ 2006 ਵਿੱਚ ਕਾਂਗਰਸ ਸਰਕਾਰ ਨੇ ਸ਼ਹੀਦ ਦੇ ਕਿਸੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਬਦਲ ਗਈ ਤੇ ਅਕਾਲੀ-ਬੀਜੇਪੀ ਸਰਕਾਰ ਨੇ 10 ਸਾਲਾਂ ਵਿੱਚ ਪਰਿਵਾਰ ਦੀ ਕੋਈ ਸਾਰ ਨਹੀਂ ਲਈ। ਸ਼ਹੀਦ ਦੇ ਪੜਪੋਤੇ ਜੀਤ ਸਿੰਘ ਮਜ਼ਦੂਰੀ ਕਰ ਕੇ ਗੁਜ਼ਾਰਾ ਕਰ ਰਹੇ ਹਨ। ਉਹ ਮੁੱਖ ਮੰਤਰੀ ਨੂੰ ਗੁਹਾਰ ਲਾਉਣ ਆਏ ਸੀ ਕਿ ਉਨ੍ਹਾਂ ਦੇ 30 ਸਾਲਾਂ ਦੇ ਮੁੰਡੇ ਜੱਗਾ ਸਿੰਘ ਨੂੰ ਨੌਕਰੀ ਦਿੱਤੀ ਜਾਏ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ।

ਜੱਗਾ ਸਿੰਘ ਨੇ 10ਵੀਂ ਤਕ ਪੜ੍ਹਾਈ ਕੀਤੀ ਹੈ। ਵੀਰਵਾਰ ਨੂੰ ਉਨ੍ਹਾਂ ਨੂੰ ਜਦੋਂ ਰੈਲੀ ਬਾਰੇ ਪਤਾ ਲੱਗਾ ਤਾਂ ਉਹ ਪਹੁੰਚ ਗਏ। ਉੱਥੇ ਉਹ ਲਗਪਗ 2 ਘੰਟੇ ਕੈਪਟਨ ਨੂੰ ਮਿਲਣ ਲਈ ਮਿੰਨਤਾਂ ਕਰਦੇ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਇੱਕ ਨਾ ਸੁਣੀ। ਕੈਪਟਨ ਅਮਰਿੰਦਰ ਸਿੰਘ ਆਪਣੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਵੋਟਾਂ ਮੰਗ ਕੇ ਚਲੇ ਗਏ।