ਚ਼ੰਡੀਗੜ੍ਹ:  ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਜਗਜੀਵਨ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਗਜੀਵਨ ਸਿੰਘ ਨੂੰ ਪਾਰਟੀ ਵਿੱਚ ਆਉਣ ਉੱਤੇ ਸਵਾਗਤ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ, ਉਹ ਕਾਂਗਰਸ ਤੋਂ ਕਾਪੀ ਕੀਤਾ ਗਿਆ ਹੈ।           ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਮੈਨੀਫੈਸਟੋ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰ ਦਿੱਤਾ ਹੈ। ਕੈਪਟਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਜੋ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗ ਰਹੇ ਹਨ, ਉਹ ਬਿਲਕੁਲ ਸਹੀ ਹਨ। ਕੈਪਟਨ ਨੇ ਆਖਿਆ ਕਿ ਦਿੱਲੀ ਦੇ ਵਿਧਾਇਕ ਦੇਵਿੰਦਰ ਸ਼ੇਰਾਵਤ ਵੱਲੋਂ ਲਗਾਏ ਗਏ ਦੋਸ਼ਾਂ ਦੀ ਸਰਕਾਰ ਆਉਣ ਉੱਤੇ ਜਾਂਚ ਕਰਵਾਈ ਜਾਵੇਗੀ। ਨਵਜੋਤ ਸਿੰਘ ਸਿੱਧੂ ਦੇ ਚੌਥੇ ਫ਼ਰੰਟ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜ਼ਮੀਨੀ ਪੱਧਰ ਉੱਤੇ ਇਹ ਕੁੱਝ ਵੀ ਨਹੀਂ ਹੈ। ਉਨ੍ਹਾਂ ਸਿੱਧੂ ਨੂੰ ਸਵਾਲ ਕੀਤਾ ਕਿ ਪਹਿਲਾਂ ਉਹ ਲੋਕਾਂ ਨੂੰ ਇਹ ਸਪਸ਼ਟ ਕਰਨ ਕਿ ਉਨ੍ਹਾਂ ਨੇ ਬੀਜੇ ਪੀ ਛੱਡੀ ਹੈ ਨਹੀਂ।             ਇਸ ਦੌਰਾਨ ਕੈਪਟਨ ਨੇ ਆਖਿਆ ਕਿ ਜਗਜੀਵਨ ਸਿੰਘ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਜਗਜੀਵਨ ਸਿੰਘ ਪਹਿਲਾਂ ਕਾਂਗਰਸ ਵਿੱਚ ਹੀ ਸਨ ਪਰ ਫਿਰ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ। ਇੱਕ ਵਾਰ ਫਿਰ ਤੋਂ ਉਨ੍ਹਾਂ ਘਰ ਵਾਪਸੀ ਕੀਤੀ ਹੈ।