ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਇੰਸਪੈਕਟਰ ਜਨਰਲ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਰਗਾੜੀ ਕਾਂਡ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵਜੋਂ ਮੁੜ ਬਹਾਲੀ ਕਰਨ ਲਈ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਆਪਣੀ ਚਿੱਠੀ ਵਿੱਚ ਆਈਜੀ ਖ਼ਿਲਾਫ਼ ਹੋਈ ਕਾਰਵਾਈ ਨੂੰ ਠੱਲ੍ਹਣ ਲਈ ਕਾਨੂੰਨੀ, ਨਿਆਂਇਕ ਤੇ ਸੰਵਿਧਾਨਕ ਇਤਰਾਜ਼ ਦਰਸਾਏ ਹਨ।


ਸੀਈਸੀ ਸੁਨੀਲ ਅਰੋੜਾ ਨੂੰ ਲਿਖੀ ਚਿੱਠੀ ਵਿੱਚ ਕੈਪਟਨ ਨੇ ਲਿਖਿਆ ਹੈ ਕਿ ਐਸਆਈਟੀ ਦੇ ਮੈਂਬਰ ਵਜੋਂ ਕੁੰਵਰ ਵਿਜੈ ਪ੍ਰਤਾਪ ਸਹੀ ਤੇ ਪਾਰਦਰਸ਼ੀ ਢੰਗ ਨਾ ਜਾਂਚ ਕਰ ਰਹੇ ਸੀ, ਜੋ ਕਿਸੇ ਵੀ ਤਰੀਕੇ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ। ਉਨ੍ਹਾਂ ਲਿਖਿਆ ਕਿ ਪੰਜ ਅਪਰੈਲ ਨੂੰ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਦਾ ਫੈਸਲਾ ਬੀਤੀ 25 ਜਨਵਰੀ ਨੂੰ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਅਦੂਲੀ ਕਰਦਾ ਹੈ ਜਿਸ ਵਿੱਚ ਅਦਾਲਤ ਨੇ ਐਸਆਈਟੀ ਦੇ ਸਿਆਸੀ ਦਬਾਅ ਤੋਂ ਪ੍ਰੇਰਿਤ ਹੋਣ ਸਬੰਧੀ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।

ਕੈਪਟਨ ਨੇ ਚਿੱਠੀ ਵਿੱਚ ਇਹ ਵੀ ਤਰਕ ਦਿੱਤਾ ਕਿ ਦੇਸ਼ ਦੀਆਂ ਸਰਬਉੱਚ ਜਾਂਚ ਏਜੰਸੀਆਂ ਵਿੱਚੋਂ ਇੱਕ ਸੀਬੀਆਈ ਵੀ ਸਮੇਂ ਸਮੇਂ 'ਤੇ ਆਪਣੇ ਬੁਲਾਰੇ ਰਾਹੀਂ ਮਾਮਲੇ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਈਜੀ ਦੀ ਜਿਸ ਇੰਟਰਵਿਊ ਦੇ ਬਦਲੇ ਇਹ ਕਾਰਵਾਈ ਕੀਤੀ ਗਈ ਹੈ, ਨਾ ਉਹ ਸਿਆਸਤ ਤੋਂ ਪ੍ਰੇਰਿਤ ਸੀ ਤੇ ਨਾ ਹੀ ਉਸ ਵਿੱਚ ਕਿਸੇ ਵੀ ਕਿਸਮ ਦੀ ਕੋਈ ਸਿਆਸੀ ਟਿੱਪਣੀ ਕੀਤੀ ਗਈ ਸੀ। ਹਾਲਾਂਕਿ, ਕੁੰਵਰ ਵਿਜੈ ਪ੍ਰਤਾਪ ਤੋਂ ਸਿਆਸੀ ਸਵਾਲ-ਜਵਾਬ ਕੀਤੇ ਵੀ ਗਏ ਪਰ ਉਨ੍ਹਾਂ ਇਸ ਨੂੰ ਟਾਲ ਦਿੱਤਾ ਸੀ।