ਚੰਡੀਗੜ੍ਹ: ਕੈਪਟਨ ਸਰਕਾਰ ਨੇ CBI ਦੀ ਕਲੋਜ਼ਰ ਰਿਪੋਰਟ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਰਗਾੜੀ ਦਾ ਮਸਲਾ ਉਨ੍ਹਾਂ ਖ਼ੁਦ ਚੁੱਕਿਆ ਹੈ। ਉਨ੍ਹਾਂ ਸੀਬੀਆਈ ਨੂੰ ਲਿਖਿਆ ਹੈ ਕਿ ਉਨ੍ਹਾਂ ਦੀ ਜਾਂਚ ਵਿੱਚ ਕੀ-ਕੀ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਅਦਾਲਤ ਜਾ ਰਹੇ ਹਨ ਤਾਂ ਕਿ ਸੂਬਾ ਸਰਕਾਰ ਆਪਣੇ ਪੱਧਰ 'ਤੇ ਕੇਸ ਦੀ ਜਾਂਚ ਕਰ ਸਕੇ। ਇਸ ਬਾਰੇ ਉਨ੍ਹਾਂ ਅਕਾਲੀਆਂ ਨੂੰ ਜਾਂਚ ਵਿੱਚ ਅੜਿੱਕੇ ਡਾਹੁਣ ਲਈ ਆੜੇ ਹੱਥੀਂ ਲਿਆ।
ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਕਾਂਡ ਵੇਲੇ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਨੇ ਜਾਣਬੁੱਝ ਕੇ ਸੰਵੇਦਨਸ਼ੀਲ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਸੀ ਤੇ ਏਜੰਸੀ ਨੇ ਆਪਣੇ ਮਾਲਕਾਂ ਦੀ ਗੱਲ ਮੰਨਦਿਆਂ ਬਿਨਾ ਜਾਂਚ ਕੀਤੇ ਇਹ ਕੇਸ ਬੰਦ ਕਰ ਦਿੱਤਾ।
ਇੱਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਨੇ 1984 ਦੇ ਦੰਗਿਆਂ ਦਾ ਹਵਾਲਾ ਦਿੰਦਿਆਂ ਰਾਜੀਵ ਗਾਂਧੀ ਬਾਰੇ ਤੱਥਾਂ ਵਿੱਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਨ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਸੁਖਬੀਰ ਖ਼ੁਦ ਅਮਰੀਕਾ ਵਿੱਚ ਸਨ, ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਸਮੇਂ ਭਾਰਤ ਵਿੱਚ ਕੀ ਹੋ ਰਿਹਾ ਹੈ?