ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਲੌਂਗੋਵਾਲ ਵਿੱਚ ਸੂਬਾ ਪੱਧਰੀ ਸਮਾਗਮ ਦੇ ਤੌਰ 'ਤੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 34ਵੀਂ ਬਰਸੀ ਮਨਾਈ ਗਈ। ਇਸ ਮੌਕੇ ਕਾਂਗਰਸ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ।


ਹਾਲਾਂਕਿ ਇਸ ਮੌਕੇ ਸਮਾਗਮ ਵਿੱਚ ਆਏ ਲੋਕਾਂ ਨੇ ਕਿਹਾ ਕਿ ਲੀਡਰ ਬਰਸੀ ਮੌਕੇ ਸੰਤ ਜੀ ਨੂੰ ਸ਼ਰਧਾਂਜਲੀ ਦੇ ਕੇ ਚਲੇ ਜਾਂਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਨਹੀਂ ਪੁੱਛ ਰਿਹਾ। ਮੰਤਰੀ ਸਿਰਫ ਲੀਡਰਾਂ ਤੇ ਪੰਚਾਂ-ਸਰਪੰਚਾਂ ਨੂੰ ਮਿਲ ਕੇ ਚਲੇ ਜਾਂਦੇ ਹਨ।


ਇਸ ਮੌਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪੋਤੇ ਨੇ ਕਿਹਾ ਕਿ ਇਹ ਲੋਕ ਸੂਬਾ ਪੱਧਰੀ ਸਮਾਗਮ ਬੋਲ ਕੇ ਚਲੇ ਜਾਂਦੇ ਹਨ ਪਰ ਸੰਤ ਦੇ ਪਰਿਵਾਰ ਦੀ ਕੋਈ ਸਾਰ ਨਹੀਂ ਲੈਂਦਾ। ਨਾ ਹੀ ਉਨ੍ਹਾਂ ਨੂੰ ਸਟੇਜ 'ਤੇ ਬੁਲਾਇਆ ਜਾਂਦਾ ਹੈ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਮੰਤਰੀ ਨਾਲ ਮਿਲਣ ਦਿੱਤਾ ਜਾਂਦਾ ਹੈ।


ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੰਤ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਤ ਗੁਰੂ ਦੇ ਸਿੱਖ ਸਨ ਤੇ ਰਾਜ ਨੇਤਾ ਹੋਣ ਦੇ ਨਾਲ-ਨਾਲ ਦੇਸ਼ ਭਗਤ ਵੀ ਸਨ। ਉਨ੍ਹਾਂ ਉਸ ਸਮੇਂ ਦੇਸ਼ ਲਈ ਕੁਰਬਾਨੀ ਦਿੱਤੀ ਜਿਸ ਵੇਲੇ ਪੰਜਾਬ ਵਿੱਚ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਸੀ ਤੇ ਹਿੰਦੂਆਂ ਦਾ ਕਤਲ ਹੋ ਰਿਹਾ ਸੀ। ਉਨ੍ਹਾਂ ਸ਼ਾਂਤੀ ਲਈ ਸਮਝੌਤਾ ਕੀਤਾ। ਇਸੇ ਲਈ ਉਨ੍ਹਾਂ ਨੂੰ ਸ਼ਾਂਤੀ ਦਾ ਮਸੀਹਾ ਕਿਹਾ ਜਾਂਦਾ ਹੈ।