ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਐਵਾਰਡ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਖਿਡਾਰੀਆਂ ਨੂੰ ਐਵਾਰਡ ਦੇਣ ਬਾਅਦ ਮੁੱਖ ਮੰਤਰੀ ਨੇ ਪੀਜੀਆਈ ਵਿੱਚ ਬਿਮਾਰ ਸਾਬਕਾ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਹਾਕੀ ਦੇ ਦਿੱਗਜ ਤੇ 3 ਵਾਰ ਓਲੰਪਿਕਸ ਦੇ ਗੋਲਡ ਮੈਡਲ ਜੇਤੂ ਬਲਬੀਰ ਸਿੰਘ ਨੂੰ ਭਾਰਤ ਰਤਨ ਐਵਾਰਡ ਦੇਣ ਲਈ ਸਿਫ਼ਾਰਿਸ਼ ਕਰਨਗੇ। ਦੱਸ ਦੇਈਏ ਕਰੀਬ ਇੱਕ ਦਹਾਕੇ ਦੇ ਸਮੇਂ ਪਿੱਛੋਂ ਇਸ ਪੁਰਸਕਾਰ ਦੀ ਵੰਡ ਕੀਤੀ ਗਈ ਹੈ। ਹਾਲਾਂਕਿ ਕੈਪਟਨ ਅਮਰਿੰਦਰ ਨੇ ਕਿਹਾ ਕਿ ਹਰ ਸਾਲ ਬਾਅਦ ਇਹ ਐਵਾਰਡ ਤਕਸੀਮ ਕੀਤੇ ਜਾਣਗੇ।
101 ਵਿੱਚੋਂ 18 ਅਜਿਹੇ ਖਿਡਾਰੀ ਸ਼ਾਮਲ ਹਨ ਜਿਨ੍ਹਾਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਂ ਵਿਸ਼ਵ ਪੱਧਰ ਉੱਤੇ ਚਮਕਾਇਆ ਪਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ 1978 ਵਿੱਚ ਹੋਣ ਕਰਕੇ ਇਨ੍ਹਾਂ ਖਿਡਾਰੀਆਂ ਨੂੰ ਹੁਣ ਤੱਕ ਸੂਬੇ ਦਾ ਸਰਵਉੱਚ ਖੇਡ ਸਨਮਾਨ ਨਹੀਂ ਮਿਲਿਆ। ਇਨ੍ਹਾਂ ਖਿਡਾਰੀਆਂ ਨੇ 1978 ਤੋਂ ਪਹਿਲਾਂ ਸੂਬੇ ਤੇ ਦੇਸ਼ ਲਈ ਪ੍ਰਾਪਤੀਆਂ ਹਾਸਲ ਕੀਤੀਆਂ। ਇਸ ਲਈ ਹੁਣ ਇਨ੍ਹਾਂ ਖਿਡਾਰੀਆਂ ਨੂੰ ਇਹ ਸਨਮਾਨ ਦਿੱਤੇ ਗਏ ਹਨ।
ਇਨ੍ਹਾਂ ਖਿਡਾਰੀਆਂ ਵਿੱਚ ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਮਿਲਖਾ ਸਿੰਘ, ਏਸ਼ੀਆ ਦੇ ਸਰਵੋਤਮ ਅਥਲੀਟ ਬਣੇ ਗੁਰਬਚਨ ਸਿੰਘ ਰੰਧਾਵਾ, ਭਾਰਤ ਨੂੰ ਇਕਲੌਤਾ ਹਾਕੀ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਅਜੀਤ ਪਾਲ ਸਿੰਘ, ਭਾਰਤੀ ਕ੍ਰਿਕਟ ਦੇ ਚੋਟੀ ਦੇ ਸਪਿੰਨਰ ਬਿਸ਼ਨ ਸਿੰਘ ਬੇਦੀ, ਏਸ਼ਿਆਈ ਖੇਡਾਂ ਵਿੱਚ ਪਹਿਲੀ ਸੋਨ ਤਗ਼ਮਾ ਜੇਤੂ ਭਾਰਤੀ ਮਹਿਲਾ ਅਥਲੀਟ ਕਮਲਜੀਤ ਕੌਰ ਸੰਧੂ ਪ੍ਰਮੁੱਖ ਹਨ।
ਇਸ ਤੋਂ ਇਲਾਵਾ ਬ੍ਰਿਗੇਡੀਅਰ ਹਰਚਰਨ ਸਿੰਘ, ਕਰਨਲ ਬਲਬੀਰ ਸਿੰਘ, ਬਲਦੇਵ ਸਿੰਘ, ਹਰਮੀਕ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਗੁਲਸ਼ਨ ਰਾਏ, ਜੈਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਫਿੱਡਾ, ਪਰਮਜੀਤ ਸਿੰਘ ਤੇ ਹਰਭਜਨ ਸਿੰਘ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਜਾਂ ਅਰਜੁਨ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।
ਪੰਜਾਬ ਦੇ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ
ਏਬੀਪੀ ਸਾਂਝਾ
Updated at:
09 Jul 2019 07:43 PM (IST)
ਮੁੱਖ ਮੰਤਰੀ ਨੇ ਪੀਜੀਆਈ ਵਿੱਚ ਬਿਮਾਰ ਸਾਬਕਾ ਖਿਡਾਰੀ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਹਾਕੀ ਦੇ ਦਿੱਗਜ ਤੇ 3 ਵਾਰ ਓਲੰਪਿਕਸ ਦੇ ਗੋਲਡ ਮੈਡਲ ਜੇਤੂ ਬਲਬੀਰ ਸਿੰਘ ਨੂੰ ਭਾਰਤ ਰਤਨ ਐਵਾਰਡ ਦੇਣ ਲਈ ਸਿਫ਼ਾਰਿਸ਼ ਕਰਨਗੇ।
- - - - - - - - - Advertisement - - - - - - - - -