ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਇੱਕ ਦਿਨ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ। ਇਜਲਾਸ ਵਿੱਚ ਸਰਕਾਰ ਨੇ ਜਿੱਥੇ ਚਾਰ ਬਿੱਲ ਪਾਸ ਕੀਤੇ, ਉੱਥੇ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਸਰਕਾਰ ਲਈ ਸ਼ਲਾਘਾ ਮਤਾ ਵੀ ਲਿਆਂਦਾ, ਪਰ ਨਵਜੋਤ ਸਿੱਧੂ ਨੂੰ ਨੁੱਕਰੇ ਲਾਈ ਰੱਖਿਆ। ਸਦਨ ਵਿੱਚ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਨੂੰ ਲਾਂਘਾ ਦਹਿਸ਼ਤਗਰਦੀ ਨਾਲ ਜੋੜਨ ਵਾਲੇ ਬਿਆਨ ਨਾ ਦੇਣ ਦੀ ਵੀ ਅਪੀਲ ਕੀਤੀ।


ਪਾਕਿਸਤਾਨ ਦੀ ਆਲੋਚਨਾ ਕਰਦੇ ਰਹਿਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਇਜਲਾਸ ਦੌਰਾਨ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਹਿਲਕਦਮੀ ਕਰਨ ਲਈ ਇਮਰਾਨ ਖ਼ਾਨ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਲਈ ਵੀ ਸ਼ਲਾਘਾ ਮਤਾ ਲਿਆਂਦਾ। ਇਸ ਮੌਕੇ ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਆਪਣੀ ਫ਼ੌਜ ਦੀ ਲਗਾਮ ਖਿੱਚਣ ਦੀ ਅਪੀਲ ਵੀ ਕੀਤੀ ਤਾਂ ਜੋ ਉਹ ਭਾਰਤ ਤੇ ਪੰਜਾਬ ਦਾ ਨੁਕਸਾਨ ਨਾ ਕਰੇ।

ਕੈਪਟਨ ਦੇ ਸੰਬੋਧਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮਤੇ ਹੋਰ ਕਈ ਵਿਰੋਧੀ ਵਿਧਾਇਕਾਂ ਨੇ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਪ੍ਰਤੀ ਸਕਾਰਾਤਮਕ ਸੋਚ ਰੱਖਣ ਦੀ ਅਪੀਲ ਕੀਤੀ। ਸੁਖਬੀਰ ਬਾਦਲ ਨੇ ਹੀ ਸਦਨ ਵਿੱਚ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਤਕ ਦੀ ਜ਼ਮੀਨ ਨੂੰ ਆਪਣੇ ਹਿੱਸੇ ਦੇ ਖੇਤਰ ਨਾਲ ਵਟਾਉਣ ਦਾ ਮੁੱਦਾ ਚੁੱਕਿਆ। ਇਸ ਦੀ ਸ਼ਲਾਘਾ ਬਾਦਲਾਂ ਦੇ ਕੱਟੜ ਸਿਆਸੀ ਵਿਰੋਧੀ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਕੀਤੀ।

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਕੇਂਦਰ ਕੋਲ ਵੀ ਚੁੱਕਣਗੇ। ਇਸ ਸਾਰੀ ਕਾਰਵਾਈ ਵਿੱਚ ਕੈਪਟਨ ਨੇ ਇੱਕ ਵਾਰ ਵੀ ਕਰਤਾਰਪੁਰ ਸਾਹਿਬ ਗਲਿਆਰੇ ਦਾ ਮਸਲੇ ਨੂੰ ਉਚਾਈ 'ਤੇ ਪਹੁੰਚਾਉਣ ਵਾਲੇ ਮੰਤਰੀ ਨਵਜੋਤ ਸਿੱਧੂ ਦਾ ਨਾਂਅ ਵੀ ਨਹੀਂ ਲਿਆ ਪਰ ਅਕਾਲੀ ਵਿਧਾਇਕ ਗੁਰਪਰਤਾਪ ਸਿੰਘ ਵਡਾਲਾ ਨੇ ਸਿੱਧੂ ਦੀ ਤਾਰੀਫ਼ ਕੀਤੀ ਤੇ ਮੁੱਖ ਮੰਤਰੀ ਨੂੰ ਲਾਂਘੇ ਪ੍ਰਤੀ ਸਕਾਰਾਤਮਕ ਸੋਚ ਰੱਖਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਉੱਤਰ ਦਿੱਤਾ ਕਿ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ 'ਤੇ ਜਿੱਥੇ ਹਰ ਸਿੱਖ ਖ਼ੁਸ਼ ਹੈ ਉੱਥੇ ਹੀ ਪਾਕਿਸਤਾਨੀ ਫ਼ੌਜ ਦੀਆਂ ਕਾਇਰਾਨਾ ਕਾਰਵਾਈਆਂ ਨੂੰ ਵੀ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ।