ਫ਼ਰੀਦਕੋਟ: ਪੰਜਾਬ ਵਿੱਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੁਲਿਸ ਨੇ ਦੋ ਵੱਖ-ਵੱਖ ਵਾਹਨਾਂ ਵਿੱਚੋਂ ਤਕਰੀਬਨ ਢਾਈ ਕੁਇੰਟਲ ਚੂਰਾ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੀਆਈਏ ਸਟਾਫ਼ ਵੱਲੋਂ ਕੀਤੀ ਇਸ ਕਾਰਵਾਈ ਵਿੱਚ ਦੋ ਜਣੇ ਗ੍ਰਿਫ਼ਤਾਰ ਵੀ ਹੋਏ ਹਨ।
ਐਸਪੀ (ਪੜਤਾਲ) ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਸੀਆਈਏ ਸਟਾਫ ਫ਼ਰੀਦਕੋਟ ਨੇ ਜੈਤੋ-ਕੋਟਕਪੂਰਾ ਮਾਰਗ 'ਤੇ ਦੋ ਵੱਖ-ਵੱਖ ਵਾਹਨਾਂ ਵਿੱਚੋਂ ਦੋ ਲੋਕਾਂ ਤੋਂ ਕਰੀਬ 262 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਨਸ਼ਾ ਰੋਕੂ ਕਾਨੂੰਨ (ਐਨਡੀਪੀਐਸ ਐਕਟ) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਛੇਤੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਦੋਵਾਂ ਪਾਸੋਂ ਵੱਡੇ ਸੁਰਾਗ ਹੱਥ ਲੱਗਣ ਦੀ ਉਮੀਦ ਵੀ ਜਤਾਈ ਹੈ।
ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਜ਼ਿਲ੍ਹੇ ਅੰਦਰ ਇੰਨੀ ਵੱਡੀ ਮਾਤਰਾ ਵਿੱਚ ਚੂਰਾ ਪੋਸਤ ਮਿਲਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਦੀ ਵਰਤੋਂ ਵੋਟਾਂ ਵਿੱਚ ਹੋ ਸਕਦੀ ਸੀ।