ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਨੇ ਪੰਥਕ ਵੋਟ ਨੂੰ ਸੰਨ੍ਹ ਲਾਉਣ ਦੀ ਰਣਨੀਤੀ ਘੜੀ ਹੈ। ਮੰਗਲਵਾਰ ਨੂੰ ਉਹ ਚੁੱਪ-ਚੁਪੀਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮਿਲਣ ਪੁੱਜ ਗਏ। ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿੱਚ ਇਹ ਮੁਲਾਕਾਤ ਕਰੀਬ ਇੱਕ ਘੰਟਾ ਚੱਲੀ।
ਕਾਬਲੇਗੌਰ ਹੈ ਕਿ ਤਿੰਨ ਮਹੀਨੇ ਪਹਿਲਾਂ ਢੱਡਰੀਆਂ ਵਾਲੇ ਉਪਰ ਕਾਤਲਾਨਾ ਹਮਲੇ ਹੋਇਆ ਸੀ। ਹਮਲੇ ਦੇ ਮੁੱਖ ਦੋਸ਼ੀ ਅਜੇ ਵੀ ਨਹੀਂ ਫੜੇ ਗਏ। ਇਸ ਗੱਲ਼ ਤੋਂ ਢੱਡਰੀਆਂ ਵਾਲਾ ਦੇ ਹਮਾਇਤੀ ਸਰਕਾਰ ਤੋਂ ਖਫਾ ਹਨ। ਕੈਪਟਨ ਨੇ ਸਰਕਾਰ ਪ੍ਰਤੀ ਇਸ ਰੋਸ ਨੂੰ ਆਪਣੇ ਹੱਕ ਵਿੱਚ ਵਰਤਣ ਦਾ ਰਣਨੀਤੀ ਬਣਾਈ ਹੈ।
ਢੱਡਰੀਆਂ ਵਾਲੇ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਆਖਿਆ ਕਿ ਹਮਲੇ ਵਿੱਚ ਪੰਜਾਬ ਸਰਕਾਰ ਦਾ ਹੱਥ ਹੈ। ਇਸ ਲਈ ਸਰਕਾਰ ਪੂਰੀ ਘਟਨਾ ਨੂੰ ਕਵਰਅਪ ਕਰ ਰਹੀ ਹੈ। ਕੈਪਟਨ ਨੇ ਸਰਕਾਰ 'ਤੇ ਵਰ੍ਹਦਿਆਂ ਆਖਿਆ ਕਿ ਬਹਿਬਲ ਕਲਾਂ ਵਿੱਚ ਫਾਇਰਿੰਗ ਤੇ ਉਸ ਤੋਂ ਪਹਿਲਾਂ ਬਰਗਾੜੀ ਕਾਂਡ ਵੀ ਸਰਕਾਰ ਵੱਲੋਂ ਹੀ ਲੋਕਾਂ ਦਾ ਧਿਆਨ ਭੜਕਾਉਣ ਲਈ ਕਰਾਏ ਗਏ। ਭਗਵਤ ਗੀਤਾ ਤੇ ਕੁਰਾਨ ਸ਼ਰੀਫ ਦੇ ਅਪਮਾਣ ਵਿੱਚ ਵੀ ਪੰਜਾਬ ਸਰਕਾਰ ਦਾ ਹੀ ਹੱਥ ਹੈ।
ਇਸ ਮੌਕੇ ਢੱਡਰੀਆਂ ਵਾਲੇ ਨੇ ਆਖਿਆ ਕਿ ਹੋਰ ਆਗੂਆਂ ਦੀ ਤਰ੍ਹਾਂ ਹੀ ਕੈਪਟਨ ਵੱਲੋਂ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਆਪਣੇ ਉਪਰ ਹੋਏ ਹਮਲੇ ਬਾਰੇ ਪੁਲਿਸ ਕਾਰਵਾਈ ਤੋਂ ਉਹ ਬਿਲਕੁਲ ਨਾਖੁਸ਼ ਹਨ।