ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਦੇ ਬਜਟ ਨੂੰ ਸਿਰਫ ਸੋਸ਼ੇਬਾਜ਼ੀ ਦੇ ਐਲਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਬਜਟ ਰਾਹੀਂ ਸਾਫ ਕਰ ਦਿੱਤਾ ਕਿ ਆਰਥਿਕਤਾ ਉਨ੍ਹਾਂ ਦੀ ਪਹਿਲ ਨਹੀਂ ਹੈ ਸਗੋਂ ਉਨ੍ਹਾਂ ਦਾ ਏਜੰਡਾ ਨਾਕਰਾਤਮਕ ਤੇ ਵੰਡ ਪਾਊ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਕੁਝ ਨਹੀਂ, ਜਿਹੜਾ ਆਰਥਿਕ ਸੁਧਾਰਾਂ ਦਾ ਰਾਹ ਪੱਧਰਾ ਕਰੇ ਜਾਂ ਜਨਤਕ ਖ਼ਪਤ ਨੂੰ ਵਧਾ ਸਕੇ ਜਿਸ ਨਾਲ ਆਰਥਿਕਤਾ ਮੁੜ ਲੀਹਾਂ ਉਤੇ ਖੜ੍ਹੀ ਹੋ ਸਕੇ।


ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਬਿਆਨਬਾਜ਼ੀ ਤੋਂ ਇਲਾਵਾ ਕੁਝ ਵੀ ਨਹੀਂ ਜਿਹੜਾ ਸਮਾਜ ਦੇ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਜਟ ਵਪਾਰੀਆਂ ਦੀਆਂ ਭਾਵਨਾਨਾਂ ਨੂੰ ਮੁੜ ਸੁਰਜੀਤ ਕਰਨ ਦੀ ਬਜਾਏ ਦਿਸ਼ਾ ਤੇ ਸੋਚ ਰਹਿਤ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਇੱਛਾਵਾਂ ਤੇ ਲੋੜਾਂ ਦੀ ਕੋਈ ਪ੍ਰਵਾਹ ਨਹੀਂ ਹੈ ਜਿਸ ਕਰਕੇ ਇਹ ਅਰਥਵਿਵਸਥਾ ਨੂੰ ਹੋਰ ਨਿਵਾਣ ਵੱਲ ਲੈ ਕੇ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿੱਧ ਕਰਦਾ ਹੈ ਕਿ ਕੇਂਦਰ ਦੀ ਅਰਥ ਵਿਵਸਥਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਜਿੱਠਣ ਦਾ ਕੋਈ ਇਰਾਦਾ ਨਹੀਂ। ਬਜਟ ਨੇ ਹਰੇਕ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ। ਜਿਹੜੇ ਕਿਸਾਨ ਕਰਜ਼ੇ ਤੇ ਪਰਾਲੀ ਸਾੜਨ ਦੀ ਚੁਣੌਤੀ ਦੇ ਟਾਕਰੇ ਲਈ ਕੋਈ ਹੱਲ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਪੱਲੇ ਨਿਰਾਸ਼ਾ ਪਈ। ਉਦਯੋਗ ਅਣਗੌਲੇ ਗਏ, ਨੌਜਵਾਨ ਵੀ ਹਨੇਰੇ ਵਿੱਚੋਂ ਆਸ ਦੀ ਕਿਰਨ ਦੇਖਦਾ ਰਹਿ ਗਿਆ, ਜਿਸ ਨੂੰ ਸਰਕਾਰ ਨੇ ਹੋਰ ਵੀ ਹਨੇਰੇ ਵਿੱਚ ਸੁੱਟ ਦਿੱਤਾ।