ਪੰਜਾਬ ਸਰਕਾਰ ਵੱਲੋਂ ਆਖਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਯੁਕਤ ਕੀਤੇ ਗਏ ਸਿਆਸੀ ਸਲਾਹਕਾਰਾਂ ਨੂੰ ਸੈਕਟਰੀਏਟ ਦੇ ਵਿੱਚ ਦਫਤਰ ਅਲਾਟ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਛੇ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਨ੍ਹਾਂ ਨੂੰ ਕੈਪਟਨ ਸਰਕਾਰ ਵੱਲੋਂ ਕੈਬਨਿਟ ਦੇ ਰੈਂਕ ਨਾਲ ਨਿਵਾਜਿਆ ਗਿਆ ਸੀ। ਹੁਣ ਸਰਕਾਰ ਵੱਲੋਂ ਇਨ੍ਹਾਂ ਨੂੰ ਅਲਾਟ ਕੀਤੇ ਗਏ ਦਫ਼ਤਰਾਂ ਦਾ ਬਿਓਰਾ ਜਾਰੀ ਕੀਤਾ ਗਿਆ ਹੈ।


ਇੰਦਰਬੀਰ ਸਿੰਘ ਬੁਲਾਰੀਆ: ਚੌਥਾ ਫਲੋਰ, ਕਮਰਾ ਨੰਬਰ 33


ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਸੈਕਟਰੀਏਟ ਦੇ ਚੌਥੇ ਫਲੋਰ 'ਤੇ 33 ਨੰਬਰ ਕਮਰਾ ਆਫਿਸ ਵਜੋਂ ਅਲਾਟ ਕੀਤਾ ਗਿਆ ਹੈ। ਹਾਲਾਂਕਿ ਬੁਲਾਰੀਆ ਦੇ ਦਫ਼ਤਰ ਵਿੱਚ ਪਹਿਲਾਂ ਬ੍ਰਾਂਚ ਬੈਠਦੀ ਸੀ, ਜਿਸ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ। ਬੁਲਾਰੀਆ ਨੂੰ ਜੋ ਸਟਾਫ ਮਿਲਿਆ ਹੈ, ਉਹ ਉਨ੍ਹਾਂ ਦੇ ਨਾਲ ਵਾਲੇ ਕਮਰੇ ਦੇ ਵਿੱਚ ਹੀ ਬੈਠੇਗਾ।


ਰਾਜਾ ਵੜਿੰਗ: ਚੌਥਾ ਫਲੋਰ, ਕਮਰਾ ਨੰਬਰ 37


ਅਕਸਰ ਚਰਚਾ ਵਿੱਚ ਰਹਿਣ ਵਾਲੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਆਈਏਐੱਸ ਦੇ ਦਫ਼ਤਰ ਵਿੱਚ ਬੈਠਣਗੇ। ਰਾਜਾ ਵੜਿੰਗ ਨੂੰ ਮਿਲਣ ਵਾਲਾ ਦਫ਼ਤਰ ਪਹਿਲਾਂ ਇੱਕ ਆਈਏਐੱਸ ਅਫ਼ਸਰ ਦਾ ਹੁੰਦਾ ਸੀ, ਜਿਸ ਨੂੰ ਮਿੰਨੀ ਸੈਕਟਰੀਏਟ ਸੈਕਟਰ 9 ਵਿੱਚ ਸ਼ਿਫਟ ਕਰ ਦਿੱਤਾ ਗਿਆ। ਰਾਜਾ ਵੜਿੰਗ ਦਾ ਸਟਾਫ ਉਨ੍ਹਾਂ ਦੇ ਸਾਹਮਣੇ ਵਾਲੇ ਕਮਰੇ ਵਿੱਚ ਬੈਠੇਗਾ।


ਤਰਸੇਮ ਸਿੰਘ ਡੀਸੀ: ਚੌਥਾ ਫਲੋਰ, ਕਮਰਾ ਨੰਬਰ 7


ਇਸੇ ਹੀ ਫਲੋਰ 'ਤੇ ਤੀਸਰੇ ਸਿਆਸੀ ਸਲਾਹਕਾਰ ਤਰਸੇਮ ਸਿੰਘ ਡੀਸੀ ਬੈਠਣਗੇ। ਤਰਸੇਮ ਸਿੰਘ ਡੀਸੀ ਨੂੰ ਅਲਾਟ ਹੋਣ ਵਾਲਾ ਦਫ਼ਤਰ ਪਹਿਲਾਂ ਅਕਾਊਂਟਸ ਬਰਾਂਚ ਕੋਲ ਹੁੰਦਾ ਸੀ, ਜੋ ਕਦੇ-ਕਦੇ ਇੱਥੇ ਆ ਕੇ ਆਪਣਾ ਕੰਮ ਕਰਦੀ ਸੀ ਪਰ ਹੁਣ ਇਹ ਇੱਕ ਸਿਆਸੀ ਸਲਾਹਕਾਰ ਦਾ ਦਫ਼ਤਰ ਹੋ ਚੁੱਕਾ ਹੈ। ਤਰਸੇਮ ਸਿੰਘ ਦਾ ਸਟਾਫ ਵੀ ਉਨ੍ਹਾਂ ਦੇ ਆਫਿਸ ਸਾਹਮਣੇ ਹੀ ਬੈਠੇਗਾ।


ਕੁਲਜੀਤ ਸਿੰਘ ਨਾਗਰਾ: ਸੱਤਵਾਂ ਫਲੋਰ, ਕਮਰਾ ਨੰਬਰ 23


ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਸੈਕਟਰੀਏਟ ਦੇ ਸੱਤਵੇਂ ਫਲੋਰ 'ਤੇ ਮੌਜੂਦ ਰਹਿਣਗੇ, ਜੋ ਦਫ਼ਤਰ ਪਹਿਲਾਂ ਬ੍ਰਾਂਚ ਕੋਲ ਹੁੰਦਾ ਸੀ, ਉਹ ਹੁਣ ਕੁਲਜੀਤ ਨਾਗਰਾ ਦਾ ਆਫਿਸ ਬਣ ਚੁੱਕਾ ਹੈ। ਬੈਠਣ ਵਾਲੀ ਬ੍ਰਾਂਚ ਨੂੰ ਹਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।


ਸੰਗਤ ਸਿੰਘ ਗਿਲਜੀਆਂ: ਕਮਰਾ ਨੰਬਰ 28


ਟਾਂਡਾ ਦੇ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨਾਗਰਾ ਦੇ ਗੁਆਂਢੀ ਰਹਿਣਗੇ। ਗਿਲਜੀਆਂ ਨੂੰ ਵੀ ਉਸੇ ਹੀ ਫਲੋਰ 'ਤੇ ਦਫ਼ਤਰ ਦਿੱਤਾ ਗਿਆ ਹੈ ਜੋ ਤਿਆਰ ਹੋ ਰਿਹਾ ਹੈ।


ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ: ਅੱਠਵਾਂ ਫਲੋਰ, ਕਮਰਾ ਨੰਬਰ 11


ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਇਕਲੌਤੇ ਹੀ ਅੱਠਵੇਂ ਫਲੋਰ 'ਤੇ ਆਪਣੇ ਦਫ਼ਤਰ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਸਲਾਹਾਂ ਦੇਣਗੇ। ਕਿੱਕੀ ਢਿੱਲੋਂ ਇਕਲੌਤੇ ਹੀ ਲਗਪਗ ਸਭ ਤੋਂ ਉੱਪਰ ਵਾਲੇ ਫਲੋਰ 'ਤੇ ਸੈਕਟਰੀਏਟ ਦੀ ਇਮਾਰਤ ਵਿੱਚ ਮੌਜੂਦ ਰਹਿਣਗੇ। ਕਿੱਕੀ ਢਿੱਲੋਂ ਦਾ ਦਫ਼ਤਰ ਵੀ ਤਿਆਰ ਹੋ ਰਿਹਾ ਹੈ। ਹਾਲਾਂਕਿ ਸਿਆਸੀ ਸਲਾਹਕਾਰ ਆਪਣੇ ਦਫਤਰਾਂ ਵਿੱਚ ਬੈਠਣਾ ਸ਼ੁਰੂ ਨਹੀਂ ਹੋਏ ਪਰ ਕਮਰੇ ਲੱਗਭਗ ਤਿਆਰ ਹਨ।