ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਵਿੱਚ ਕੁਝ ਵੀ ਦੇਸ਼ ਧ੍ਰੋਹ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪੁਲਵਾਮਾ ਹਮਲੇ ’ਤੇ ਆਪਣਾ ਪੱਖ ਸਪਸ਼ਟ ਕਰਨ ਦਾ ਅਧਿਕਾਰ ਹੈ। ਹਾਲਾਂਕਿ ਉਨ੍ਹਾਂ ਅਕਾਲੀ ਦਲ ਵੱਲੋਂ ਸਿਆਸੀ ਲਾਹਾ ਲੈਣ ਲਈ ਅੱਜ ਬਜਟ ਸੈਸ਼ਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀ ਸਖ਼ਤ ਨਿੰਦਾ ਕੀਤੀ।

ਕੈਪਟਨ ਨੇ ਕਿਹਾ ਕਿ ਜਦੋਂ ਸਿੱਧੂ ਕ੍ਰਿਕੇਟਰ ਸਨ ਤਾਂ ਉਹ ਖ਼ੁਦ ਫੌਜੀ ਸਨ ਤੇ ਦੋਵਾਂ ਦੇ ਵਿਚਾਰਾਂ ਵਿੱਚ ਫ਼ਰਕ ਸੀ। ਉਨ੍ਹਾਂ ਕਿਹਾ ਕਿ ਸਿੱਧੂ ਸ਼ਾਇਦ ਦੋਸਤੀ ਤੋਂ ਪ੍ਰਭਾਵਿਤ ਸਨ ਪਰ ਉਨ੍ਹਾਂ ਦਾ ਮਕਸਦ ਦੇਸ਼ ਵਿਰੋਧੀ ਨਹੀਂ।

ਇਸ ਦੇ ਨਾਲ ਹੀ ਉਨ੍ਹਾਂ ਵਿਧਾਨ ਸਭ ਵਿੱਚ ਸਿਆਸੀ ਲਾਹਾ ਲੈਣ ਲਈ ਇਸ ਮੁੱਦੇ ’ਤੇ ਹੰਗਾਮਾ ਕਰਨ ਲਈ ਅਕਾਲੀ ਦਲ ਦੀ ਲਾਹ-ਪਾਹ ਕੀਤੀ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਅਹਿਮ ਹੁੰਦਾ ਹੈ ਕਿਉਂਕਿ ਲੋਕ ਬੇਸਬਰੀ ਨਾਲ ਇਸ ਦੀ ਉਡੀਕ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਨਿਸ਼ਾਨਾ ਬਣਾ ਕੇ ਅਕਾਲੀ ਇਸ ਅਹਿਮ ਮੁੱਦੇ ਤੋਂ ਧਿਆਨ ਭਟਕਾ ਰਹੇ ਹਨ।