ਗਗਨਦੀਪ ਸ਼ਰਮਾ
ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਵਿਚਾਲੇ ਪੁਲਵਾਮਾ ਹਮਲੇ ਤੋਂ ਬਾਅਦ ਪੈਦਾ ਤਣਾਅ ਦਾ ਸਭ ਤੋਂ ਵੱਡਾ ਅਸਰ ਅਟਾਰੀ ਰਸਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਉੱਪਰ ਪਿਆ ਹੈ। ਇਸ ਕਾਰਨ ਤਕਰੀਬਨ ਪੰਜ ਹਜ਼ਾਰ ਪਰਿਵਾਰਾਂ ਦੀ ਰੋਜ਼ੀ-ਰੋਟੀ ਉੱਪਰ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਅਚਾਨਕ ਲਏ ਫੈਸਲੇ ਨਾਲ ਕਰੋੜਾਂ ਰੁਪਏ ਦਾ ਮਾਲ ਅਟਾਰੀ 'ਚ ਫਸਿਆ ਪਿਆ ਹੈ।
ਪੁਲਵਾਮਾ ਹਮਲੇ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਭਾਰਤ ਨੇ ਕਸਟਮ ਡਿਊਟੀ ਪੰਜ ਫ਼ੀਸਦੀ ਤੋਂ ਵਧਾ ਕੇ ਅਚਾਨਕ 200 ਫ਼ੀਸਦੀ ਕਰਨ ਦੇ ਨਾਲ ਵਪਾਰੀ ਵੀ ਹੱਕੇ-ਬੱਕੇ ਰਹਿ ਗਏ। ਇਸ ਦੇ ਨਾਲ ਹੀ ਟਰਾਂਸਪੋਰਟਰਾਂ ਤੇ ਮਜ਼ਦੂਰਾਂ ਦਾ ਰੁਜ਼ਗਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਪਿਛਲੇ ਦੋ ਦਿਨਾਂ ਤੋਂ ਅਟਾਰੀ 'ਚ ਟਰੱਕ ਖੜ੍ਹੇ ਹਨ। ਹੁਣ ਉਨ੍ਹਾਂ ਨੂੰ ਕੋਈ ਉਮੀਦ ਵੀ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਇਹ ਵੀ ਆਖਿਆ ਕਿ ਉਹ ਸਰਕਾਰ ਦੇ ਇਸ ਫੈਸਲੇ ਨਾਲ ਖੜ੍ਹੇ ਹਨ ਪਰ ਉਨ੍ਹਾਂ ਦੇ ਰੁਜ਼ਗਾਰ ਬਾਰੇ ਵੀ ਸੋਚਣਾ ਚਾਹੀਦਾ ਹੈ।
'ਏਬੀਪੀ ਸਾਂਝਾ' ਨੂੰ ਮਿਲੀ ਜਾਣਕਾਰੀ ਭਾਰਤ ਵਿਚਾਲੇ ਸੀਮਿੰਟ, ਜਿਪਸਮ, ਲਾਈਮਸਟੋਨ ਬਾਕਸਾਈਟ, ਸੁਆਰੇ ਕੱਚ, ਕੈਮੀਕਲ, ਸਰਜੀਕਲ ਦਾ ਸਾਮਾਨ ਤੇ ਖੇਡਾਂ ਦਾ ਸਾਮਾਨ, ਕਾਟਨ ਧਾਗਾ, ਪੋਲੀਸਟਰ ਧਾਗਾ, ਫੈਬਰਿਕ ਡਾਈਜ਼, ਪੈਸਟੀਸਾਈਡ, ਬੀਜ ਜੜੀਆਂ-ਬੂਟੀਆਂ ਤੇ ਮਸਾਲਿਆਂ ਦਾ ਵਪਾਰ ਹੁੰਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਕਰੀਬ ਪੰਜ ਹਜ਼ਾਰ ਪਰਿਵਾਰ ਇਸ ਰੁਜ਼ਗਾਰ ਨਾਲ ਸਿੱਧੇ ਤੌਰ 'ਤੇ ਜੁੜੇ ਹਨ। ਇੱਕ ਅੰਦਾਜ਼ੇ ਅਨੁਸਾਰ ਹਰ ਮਹੀਨੇ ਪੰਦਰਾਂ ਤੋਂ ਵੀਹ ਕਰੋੜ ਰੁਪਏ ਦਾ ਸਿੱਧਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪਿਛਲੇ ਦੋ ਦਿਨਾਂ ਵਿੱਚ ਹੀ ਅਚਾਨਕ ਵਪਾਰ ਬੰਦ ਹੋਣ ਨਾਲ ਵਪਾਰੀਆਂ ਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ ਕਿਉਂਕਿ ਜੋ ਸਾਮਾਨ ਦੀ ਡਿਊਟੀ ਦੇ ਚੁੱਕੇ ਸਨ, ਉਸ ਉਪਰ ਮੁੜ 200 ਫੀਸਦੀ ਕਸਟਮ ਡਿਊਟੀ ਵੀ ਲਾਗੂ ਕਰ ਦਿੱਤੀ ਗਈ ਸੀ। ਇਸ ਨਾਲ ਇੰਪੋਰਟ ਹੋਇਆ ਸਾਮਾਨ ਹਾਲੇ ਵੀ ਅਟਾਰੀ ਪਿਆ ਹੈ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਵਪਾਰੀਆਂ ਨੇ ਕਿਹਾ ਕਿ ਅਚਾਨਕ ਇਸ ਫੈਸਲੇ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ। ਕਾਰੋਬਾਰ ਤਾਂ ਬੰਦ ਹੋਵੇਗਾ ਹੀ ਨਾਲ ਹੀ ਉਹ ਆਪਣੇ ਸਟਾਫ ਨੂੰ ਤਨਖਾਹਾਂ ਕਿੱਥੋਂ ਦੇਣਗੇ। ਫਿਰ ਵੀ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੇ ਹਰ ਫੈਸਲੇ ਦੇ ਨਾਲ ਖੜ੍ਹੇ ਹਨ ਕਿਉਂਕਿ ਪੁਲਵਾਮਾ ਵਿੱਚ ਜੋ ਹਮਲਾ ਹੋਇਆ, ਉਹ ਅਤਿ ਨਿੰਦਣਯੋਗ ਹੈ।
ਦੂਜੇ ਪਾਸੇ ਟਰਾਂਸਪੋਰਟਰਾਂ ਤੇ ਲੇਬਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵੀ ਰੋਜ਼ੀ ਰੋਟੀ ਦੇ ਲਾਲੇ ਪਏ ਹੋਏ ਹਨ। ਉਹ ਵੀ ਸਰਕਾਰ ਤੋਂ ਇਸ ਮੁੱਦੇ 'ਤੇ ਪੱਕੇ ਹੱਲ ਦੀ ਉਡੀਕ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਫੈਸਲੇ ਉੱਪਰ ਸਰਕਾਰ ਦੇ ਨਾਲ ਹਨ ਪਰ ਸਰਕਾਰ ਨੂੰ ਵੀ ਉਨ੍ਹਾਂ ਦੀ ਰੋਜ਼ੀ ਰੋਟੀ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟ ਦਾ ਧੰਦਾ ਕਰਨ ਵਾਲੇ ਕਿੱਥੇ ਜਾਣਗੇ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਕੌਣ ਪ੍ਰਬੰਧ ਕਰੇਗਾ।