ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਸ਼ਰਾਬ ਤਸਕਰੀ ਤੇ ਆਬਕਾਰੀ ਘਾਟੇ ਦਾ ਵਿਵਾਦ ਚੱਲ ਰਿਹਾ ਹੈ। ਇਸ ਸਬੰਧੀ ਸਵਾਲਾਂ 'ਚ ਘਿਰੀ ਸਰਕਾਰ ਦੇ ਅਕਸ ਨੂੰ ਠੀਕ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ ਨੂੰ ਮੁੱਖ ਏਜੰਡਾ ਬਣਾ ਲਿਆ ਹੈ। ਇਸ ਤਹਿਤ ਡਿਊਟੀ 'ਚ ਕੁਤਾਹੀ ਕਰਨ ਵਾਲੇ 22 ਈਟੀਓ ਤੇ 73 ਐਕਸਾਇਜ਼ ਐਂਡ ਟੈਕਸੇਸ਼ਨ ਇੰਸਪੈਕਟਰਸ ਦਾ ਤਬਾਦਲਾ ਕਰ ਦਿੱਤਾ ਹੈ। ਆਬਕਾਰੀ ਵਿਭਾਗ ਕੈਪਟਨ ਅਮਰਿੰਦਰ ਸਿਘ ਕੋਲ ਹੈ।


ਐਕਸਾਇਜ਼ ਵਿਭਾਗ ਵੱਲੋਂ ਸੂਬੇ ਦੀਆਂ ਕੁਝ ਡਿਸਟਿਲਰੀਜ਼ ਵੱਲੋਂ ਤੈਅ ਲਿਮਟ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਦੀ ਪ੍ਰੋਡਕਸ਼ਨ ਕੀਤੇ ਜਾਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦਾ ਕੋਈ ਬਿਓਰਾ ਮੇਨਟੇਨ ਨਹੀਂ ਹੈ ਤੇ ਨਾ ਹੀ ਸਰਕਾਰ ਨੂੰ ਇਸ ਦਾ ਕੋਈ ਰੈਵੇਨਿਊ ਮਿਲ ਸਕਿਆ।


ਵਿਭਾਗ ਮੁਤਾਬਕ ਪੰਜਾਬ 'ਚ ਡਿਸਟਿਲਰੀਜ਼ ਲਈ 1.80 ਲੱਖ ਬੋਤਲਾਂ ਦੇ ਉਤਪਾਦਨ ਦਾ ਕੋਟਾ ਤੈਅ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਪੰਜਾਬ ਦੀਆਂ ਡਿਸਟਿਲਰੀਜ਼ ਨੇ ਇਸ ਤੋਂ ਬਾਹਰ ਜਾਕੇ ਉਤਪਾਦਨ ਕੀਤਾ ਹੈ ਤੇ ਉਸ ਸ਼ਰਾਬ ਨੂੰ ਸੂਬੇ ਤੋਂ ਬਾਹਰ ਭੇਜਿਆ ਹੈ।


ਡਿਸਟਿਲਰੀਜ਼ ਵੱਲੋਂ ਤਿਆਰ ਕੀਤੀ ਇਕ ਪੇਟੀ ਤੇ ਸਰਕਾਰ ਨੂੰ 300 ਰੁਪਏ ਟੈਕਸ ਮਿਲਦਾ ਹੈ। ਇੱਕ ਪੇਟੀ 'ਚ 12 ਬੋਤਲਾਂ ਹੁੰਦੀਆਂ ਹਨ। ਇਸ ਹਿਸਾਬ ਨਾਲ ਤੈਅ ਕੋਟੇ ਤਹਿਤ ਇਕ ਲੱਖ, 80 ਲੱਖ ਪੇਟੀਆਂ 'ਤੇ ਕਰੋੜਾਂ ਦੇ ਹਿਸਾਬ ਨਾਲ ਸਰਕਾਰ ਨੂੰ ਟੈਕਸ ਮਿਲਦਾ ਹੈ।


ਹੁਣ ਜਦੋਂ ਆਬਕਾਰੀ ਘਾਟੇ ਦਾ ਮੁੱਦਾ ਕੈਪਟਨ ਸਰਕਾਰ ਲਈ ਵੱਡੀ ਮੁਸੀਬਤ ਬਣ ਚੁੱਕਾ ਹੈ ਤਾਂ ਅਜਿਹੇ 'ਚ ਵੱਖ-ਵੱਖ ਡਿਸਟਿਲਰੀਜ਼ ਵੱਲੋਂ ਦੇਸੀ ਸ਼ਰਾਬ ਬਣਾਉਣ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਓੜੀਸਾ ਤੇ ਛੱਤੀਸਗੜ੍ਹ ਨੂੰ ਸ਼ਰਾਬ ਭੇਜਣ ਦਾ ਬਿਓਰਾ ਫਰੋਲਿਆ ਜਾ ਰਿਹਾ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਆਰਡਰ ਦਿੱਤਾ ਗਿਆ ਸੀ ਉਹ ਭੇਜਿਆ ਗਿਆ ਜਾਂ ਪੰਜਾਬ 'ਚ ਹੀ ਗੈਰਕਾਨੂੰਨੀ ਢੰਗ ਨਾਲ ਵੇਚ ਦਿੱਤਾ ਗਿਆ।


ਇਹ ਵੀ ਪੜ੍ਹੋ: ਨੌਂ-ਬਰ-ਨੌਂ ਤਾਨਸ਼ਾਹ ਕਿਮ ਜੋਂਗ, ਅਚਾਨਕ ਵਿੱਢੀਆਂ ਫੌਜੀ ਤਿਆਰੀਆਂ


ਵਿਰੋਧੀ ਧਿਰਾਂ ਵੱਲੋਂ ਸ਼ਰਾਬ ਦਾ ਮੁੱਦਾ ਲਗਾਤਾਰ ਚੁੱਕਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਸਖ਼ਤੀ ਦੇ ਰੌਂਅ 'ਚ ਹਨ ਤੇ ਹੁਣ ਜਾਂਚ ਵੱਡੇ ਪੱਧਰ 'ਤੇ ਆਰੰਭ ਦਿੱਤੀ ਹੈ।


ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ, 5 ਨਵੇਂ ਮਰੀਜ਼ ਆਏ ਸਾਹਮਣੇ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ