ਚੰਡੀਗੜ੍ਹ: ਕੈਪਟਨ ਮੰਤਰੀ ਮੰਡਲ ਦਾ ਜਲਦ ਹੀ ਵਿਸਥਾਰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਬਜਟ ਸੈਸ਼ਨ ਤੋਂ ਪਹਿਲਾਂ-ਪਹਿਲਾਂ ਕੈਪਟਨ ਸਰਕਾਰ 'ਚ ਨਵੇਂ ਮੰਤਰੀ ਬਣ ਜਾਣਗੇ। ਇਸ ਮੌਕੇ ਮੰਤਰੀ ਮੰਡਲ 'ਚ 9 ਕੁਰਸੀਆਂ ਖਾਲੀ ਹਨ ਤੇ ਮੰਨਿਆ ਜਾ ਰਿਹਾ ਕਿ ਫਿਲਹਾਲ 6 ਦੇ ਕਰੀਬ ਮੰਤਰੀ ਬਣਾਏ ਜਾਣਗੇ।

ਮੰਤਰੀ ਮੰਡਲ ਦੇ ਵਿਸਥਾਰ 'ਚ ਜਿਨ੍ਹਾਂ ਕਾਂਗਰਸੀ ਲੀਡਰਾਂ ਦੇ ਨਾਂ ਚੱਲ ਰਹੇ ਹਨ, ਉਨ੍ਹਾਂ 'ਚ ਰਾਣਾ ਗੁਰਮੀਤ ਸਿੰਘ ਸੋਢੀ, ਡਾ. ਰਾਜ ਕੁਮਾਰ ਵੇਰਕਾ, ਅਜਾਇਬ ਸਿੰਘ ਭੱਟੀ, ਰਾਕੇਸ਼ ਪਾਂਡੇ, ਵਿਜੈਇੰਦਰ ਸਿੰਗਲਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚਰਚੇ ਹਨ। ਮੁਹਾਲੀ ਦੇ ਵਿਧਾਇਕ ਬਲਬੀਰ ਸਿੱਧੂ ਤੇ ਸੁਖਜਿੰਦਰ ਰੰਧਾਵਾ ਵੀ ਮੰਤਰੀ ਬਣਨ ਲਈ ਕਾਫੀ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਦੁਆਬੇ 'ਚ ਨਵਤੇਜ ਚੀਮਾ ਜਾਂ ਪ੍ਰਗਟ ਸਿੰਘ 'ਚੋਂ ਕਿਸੇ ਇੱਕ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।

ਰਾਹੁਲ ਗਾਂਧੀ ਯੂਥ ਕੋਟੇ 'ਚੋਂ ਦੋ ਵਿਧਾਇਕਾਂ ਨੂੰ ਮੰਤਰੀ ਬਣਉਣਾ ਚਾਹੁੰਦੇ ਹਨ ਤੇ ਇਨ੍ਹਾਂ 'ਚ ਵਿਜੈਇੰਦਰ ਸਿੰਗਲਾ, ਰਾਜਾ ਵੜਿੰਗ ਤੇ ਕੁਲਜੀਤ ਨਾਗਰਾ ਦਾ ਨਾਂ ਚਰਚਾ 'ਚ ਹੈ। ਸੂਤਰਾਂ ਮੁਤਾਬਕ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾਣਗੇ ਤੇ ਉਨ੍ਹਾਂ ਦੀ ਥਾਂ ਨਵੇਂ ਮੰਤਰੀਆਂ ਨੂੰ ਕੁਰਸੀ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਜਲਦ ਹੀ ਨਵੇਂ ਮੰਤਰੀਆਂ ਦੀ ਸੂਚੀ ਤਿਆਰ ਕਰਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ 'ਚ ਮੁਲਾਕਾਤ ਕਰਨਗੇ।

ਮੰਤਰੀ ਮੰਡਲ ਦੇ ਵਿਸਥਾਰ ਬਾਰੇ ਕਾਫੀ ਸਮੇਂ ਤੋਂ ਚਰਚਾ ਹੁੰਦੀ ਆ ਰਹੀ ਹੈ ਪਰ ਹਰ ਵਾਰ ਕੁਝ ਨਾ ਕੁਝ ਕਾਰਨਾਂ ਕਰਕੇ ਇਹ ਰੁਕਦਾ ਰਿਹਾ ਹੈ। ਹੁਣ ਦੇਖਣਾ ਹੈ ਕਿ ਬਜਟ ਤੋਂ ਪਹਿਲਾਂ ਮੰਤਰੀ ਮੰਡਲ 'ਚ ਕਿਹੜੇ ਨਵੇਂ ਚਿਹਰੇ ਸ਼ਾਮਲ ਹੁੰਦੇ ਹਨ।