ਚੰਡੀਗੜ੍ਹ: ਕੈਪਟਨ ਸਰਕਾਰ ਨੂੰ 'ਕਰੋ ਨਾ ਵਾਇਰਸ' ਚਿੰਬੜ ਗਿਆ ਹੈ। ਇਸ ਲਈ ਸਰਕਾਰ ਦੀ ਹਾਲਤ ਗੰਭੀਰ ਹੈ। ਇਹ ਇਲਜ਼ਾਮ ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ 5ਵੇਂ ਦਿਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨੇ ਕਾਂਗਰਸ ਸਰਕਾਰ 'ਤੇ ਇਹ ਇਲਜ਼ਾਮ ਲਾਏ।


'ਆਪ' ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਸੂਬੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਆਪ' ਵਿਧਾਇਕਾਂ ਨੇ ਮੂੰਹਾਂ 'ਤੇ ਮਾਸਕ ਪਾ ਕੇ ਸਰਕਾਰ ਦੀ ਖਿੱਲੀ ਉਡਾਈ, ਕਿਉਂਕਿ ਬੀਤੇ ਕੱਲ੍ਹ ਸਦਨ 'ਚ ਰਾਜਪਾਲ ਦੇ ਭਾਸ਼ਣ 'ਤੇ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਚੀਨ 'ਚ ਕਰੋਨਾ ਵਾਇਰਸ ਫੈਲਣ ਕਾਰਨ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ 'ਚ ਦੇਰੀ ਹੋ ਰਹੀ ਹੈ।

ਹਰਪਾਲ ਚੀਮਾ, ਅਮਨ ਅਰੋੜਾ ਤੇ ਕੁਲਤਾਰ ਸਿੰਘ ਸੰਧਵਾਂ ਨੇ ਵਿਅੰਗ ਕੀਤਾ ਕਿ ਪੰਜਾਬ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ 'ਤੇ ਚੀਨ ਦੇ ਕਰੋਨਾ ਵਾਇਰਸ ਦਾ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੇ 'ਕਰੋ ਨਾ ਵਾਇਰਸ' ਦਾ ਸ਼ਿਕਾਰ ਹੈ। ਇਸ 'ਕਰੋ ਨਾ ਵਾਇਰਸ' ਕਾਰਨ ਕੈਪਟਨ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਤੋਂ ਨਾ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਕੋਈ ਕੰਮ ਕੀਤਾ ਹੈ। ਜਿਸ ਕਾਰਨ ਨਾ ਕੇਵਲ ਕਿਸਾਨ ਅਤੇ ਮਜ਼ਦੂਰ ਹੀ ਤ੍ਰਾਹ-ਤ੍ਰਾਹ ਨਹੀਂ ਕਰ ਰਹੇ ਸਗੋਂ ਹਰੇਕ ਵਰਗ ਦੁਖੀ ਤੇ ਨਿਰਾਸ਼ ਹੈ।

ਚੀਮਾ ਨੇ ਕਿਹਾ ਕਿ ਪੂਰਾ ਕਰਜ਼ਾ ਮਾਫ਼ ਕਰਨ ਦੇ ਫਾਰਮ ਭਰਾ ਕੇ ਕੈਪਟਨ ਨੇ ਸੱਤਾ ਤਾਂ ਹਾਸਲ ਕਰ ਲਈ ਪਰ ਕਿਸਾਨਾਂ-ਮਜ਼ਦੂਰਾਂ ਨਾਲ ਕੀਤੇ ਵਾਅਦੇ ਤੋਂ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵਾਅਦੇ ਮੁਤਾਬਕ ਕਰਜ਼ਾ ਮੁਆਫ਼ ਨਾ ਕਰਕੇ ਧੋਖਾ ਕੀਤਾ ਉੱਤੋਂ ਝੂਠੇ ਪ੍ਰਚਾਰ 'ਤੇ ਕਰੋੜਾਂ ਰੁਪਏ ਖ਼ਰਚ ਕਰ ਰਹੇ ਹਨ।

'ਆਪ' ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਦੀ ਪੂਰਨ ਕਰਜ਼ਾ ਮੁਆਫ਼ੀ, ਆਵਾਰਾ ਪਸ਼ੂਆਂ ਦੇ ਨੁਕਸਾਨ ਨੂੰ ਰੋਕਣ, ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਪੰਜਾਬ 'ਚ ਵੀ ਸਵਾਮੀਨਾਥਨ ਸਿਫ਼ਾਰਸ਼ਾਂ ਦੇ ਆਧਾਰ 'ਤੇ ਲਾਭ ਦੇਣ, ਮਜ਼ਦੂਰਾਂ ਦੇ ਕਰਜ਼ੇ ਮਾਫ਼ ਤੇ ਮਨਰੇਗਾ ਮਜ਼ਦੂਰਾਂ ਦੀ ਬਕਾਇਆ ਮਜ਼ਦੂਰੀ ਜਾਰੀ ਕਰਨ, ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ (ਐਮਐਸਪੀ) ਤੇ ਮੌਜੂਦਾ ਮੰਡੀਕਰਨ ਢਾਂਚੇ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਇੱਕਜੁੱਟ ਵਿਰੋਧ ਵਰਗੇ ਮੁੱਦੇ ਉਠਾਏ।