ਤਰਨ ਤਾਰਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਨ੍ਹੀਂ ਦਿਨੀਂ ਸੂਬਾ ਸਰਕਾਰ ਖਿਲਾਫ ਰੋਸ ਰੈਲੀਆਂ ਕਰ ਰਹੇ ਹਨ। ਇਸੇ ਲੜੀ 'ਚ ਉਨ੍ਹਾਂ ਨੇ ਤਰਨ ਤਾਰਨ 'ਚ ਰੋਸ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਨੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਖੂਬ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਲਈ ਕਾਂਗਰਸ ਨੇ ਵਿਰੋਧੀਆਂ ਨਾਲ ਮਿਲ ਕੇ ਅਕਾਲੀ ਦਲ 'ਤੇ ਝੂਠੇ ਬੇਅਦਬੀ ਦੇ ਇਲਜ਼ਾਮ ਲਾਏ।

ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਸੂਬੇ 'ਚ ਬਾਦਲ ਸਰਕਾਰ ਨਾ ਬਣੇ, ਇਸ ਲਈ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਤੇ 84 ਵਰਗੇ ਦੰਗੇ ਕਰਵਾਏ। ਉਨ੍ਹਾਂ ਕਿਹਾ ਕਿ ਹੁਣ ਉਹ ਲੋਕ ਕਿੱਥੇ ਨੇ ਜੋ ਤਿੰਨ ਸਾਲ ਪਹਿਲਾਂ ਧਰਨੇ ਦਿੰਦੇ ਸੀ। ਕਾਂਗਰਸ ਦੇ ਮੰਤਰੀਆਂ 'ਤੇ ਇਲਜ਼ਾਮ ਲਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਕਾਂਗੜ ਤੇ ਵਿਧਾਇਕਾਂ ਨਾਲ ਮਿਲ ਕੇ ਪੁਲਿਸ ਨੇ ਬੇਅਦਬੀ ਕਾਂਡ ਦੇ ਗਵਾਹਾਂ ਨੂੰ ਪ੍ਰੇਸ਼ਾਨ ਕੀਤਾ।

ਕੈਪਟਨ 'ਤੇ ਗਰਜਦੇ ਹੋਏ ਸੁਖਬੀਰ ਨੇ ਕਿਹਾ ਕਿ ਉਹ ਝੂਠਾ ਹੈ। ਉਸ ਦੀ ਨੀਅਤ ਸਾਫ ਨਹੀਂ। ਇਸੇ ਲਈ ਉਸ ਨੂੰ ਕਦੇ ਕਿਸੇ ਗੁਰਦੁਆਰੇ ਮੱਥਾ ਟੇਕਦਿਆਂ ਨਹੀਂ ਵੇਖਿਆ। ਬਾਦਲ ਨੇ ਇੱਕ ਵਾਰ ਫੇਰ ਕੈਪਟਨ ਵੱਲੋਂ ਗੁਟਕਾ ਚੁੱਕ ਸਹੁੰ ਚੁੱਕਣ ਦਾ ਝੂਠਾ ਦਾਅਵਾ ਦੁਹਰਾਇਆ।

ਬੀਤੇ ਦਿਨੀਂ ਸਦਨ 'ਚ ਕੈਪਟਨ ਨੇ ਆਪਣੀ ਸਪੀਚ 'ਚ ਨੌਜਵਾਨਾਂ ਨੂੰ ਮੋਬਾਈਲ ਨਾ ਦੇਣ ਦੇ ਬਹਾਨੇ ਵਜੋਂ ਕਿਹਾ ਸੀ ਕਿ ਚੀਨ 'ਚ ਕੋਰੋਨਾ ਵਾਇਰਸ ਫੈਲ ਰਿਹਾ ਹੈ। ਇਸ ਲਈ ਸਮਾਰਟਫੋਨ ਵੰਡਣ 'ਚ ਦੇਰੀ ਹੋਈ। ਇਸ 'ਤੇ ਕੈਪਟਨ ਨੂੰ ਲਪੇਟੇ 'ਚ ਲੈਂਦੇ ਹੋਏ ਸੁਖਬੀਰ ਨੇ ਕਿਹਾ ਕਿ ਕੈਪਟਨ ਨੇ ਵਾਅਦਾ ਤਿੰਨ ਸਾਲ ਪਹਿਲਾਂ ਕੀਤਾ ਸੀ, ਚੀਨ 'ਚ ਵਾਇਰਸ ਹੁਣ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਚੀਨ 'ਚ ਵਾਇਰਸ ਫੈਲ ਰਿਹਾ ਹੈ ਪਰ ਸੂਬੇ 'ਚ ਤਾਂ ਨਹੀਂ ਸਰਕਾਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰੇ।

ਰੈਲੀ 'ਚ ਆਏ ਸਮਰਥਕਾਂ ਨੂੰ ਸਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਨੇ ਕਿਹਾ ਕਿ ਹੁਣ ਜਦੋਂ ਚੋਣਾਂ ਤੋਂ ਬਾਅਦ ਸੂਬੇ 'ਚ ਅਕਾਲੀ ਸਰਕਾਰ ਆਵੇਗੀ ਤਾਂ ਪੰਜਾਬ ਦੇ ਹਰ ਪਿੰਡ 'ਚ ਸੀਵਰੇਜ ਪਾਇਆ ਜਾਵੇਗਾ, ਬਿਜਲੀ ਦੇ ਬਿੱਲ ਅੱਧੇ ਕਰ ਦਿੱਤੇ ਜਾਣਗੇ, ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਆਉਣ 'ਤੇ ਕਾਂਗਰਸ ਵੱਲੋਂ ਬੰਦ ਕੱਬਡੀ ਵਰਲਡ ਕੱਪ ਇੱਕ ਵਾਰ ਫੇਰ ਸ਼ੁਰੂ ਕਰ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦਾ ਸਾਥ ਛੱਡ ਰਹੇ ਲੀਡਰਾਂ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬ੍ਰਹਮਪੁਰਾ ਨੂੰ ਅਕਾਲੀ ਦਲ ਨੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਸੱਚਾ ਟਕਸਾਲੀ ਉਹੀ ਹੈ ਜੋ ਪਾਰਟੀ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਤੇ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਹੈ।

ਸੁਖਬੀਰ ਬਾਦਲ ਨੂੰ ਪੰਥ ਤੇ ਪਾਰਟੀ 'ਚੋਂ ਕੱਢਣ ਦਾ ਮਤਾ ਪਾਸ