ਇਮਰਾਨ ਖਾਨ
ਜਲੰਧਰ: ਕੈਪਟਨ ਸਰਕਾਰ ਨੇ 6000 ਕਰੋੜ ਰੁਪਏ ਦੇ ਇੰਟਰਨੈਸ਼ਨਲ ਡਰੱਗ ਰੈਕੇਟ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੀ ਸੁਰੱਖਿਆ ਘਟਾ ਦਿੱਤੀ ਹੈ। ਪਹਿਲਾਂ ਨਿਰੰਜਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ ਪੰਜ ਜਵਾਨ ਤਾਇਨਾਤ ਸਨ ਪਰ ਹੁਣ ਵਿਭਾਗ ਨੇ ਤਿੰਨ ਜਵਾਨਾਂ ਨੂੰ ਵਾਪਸ ਬੁਲਾ ਲਿਆ ਹੈ। ਸੁਰੱਖਿਆ ਘਟਾਏ ਜਾਣ ਮਗਰੋਂ ਨਿਰਜੰਨ ਸਿੰਘ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਈਮੇਲ ਰਾਹੀਂ ਪੱਤਰ ਲਿਖਿਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।
ਨਿਰੰਜਨ ਸਿੰਘ ਨੇ ਡੀਜੀਪੀ ਨੂੰ ਲਿਖਿਆ ਹੈ ਕਿ ਉਹ ਇੱਕ ਹਾਈਪ੍ਰੋਫਾਈਲ ਡਰੱਗ ਰੈਕੇਟ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ ਜਿਸ ਵਿੱਚ ਕਈ ਕ੍ਰਿਮੀਨਲ ਬੈਕਗ੍ਰਾਉਂਡ ਦੇ ਅਪਰਾਧੀ ਜੁੜੇ ਹੋਏ ਹਨ। ਦੋ ਕੇਸਾਂ ਵਿੱਚ ਉਨ੍ਹਾਂ ਦੀ ਗਵਾਹੀ ਚੱਲ ਰਹੀ ਹੈ। ਇਸ ਲਈ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਨਿਰੰਜਨ ਸਿੰਘ ਦੀ ਫਿਲਹਾਲ ਭੋਲਾ ਡਰੱਗ ਰੈਕੇਟ ਤੇ ਰਾਜਾ ਕੰਦੋਲਾ ਡਰੱਗ ਕੇਸ ਵਿੱਚ ਗਵਾਹੀ ਚੱਲ ਰਹੀ ਹੈ। ਡਰੱਗ ਰੈਕੇਟ ਦੇ ਕਈ ਅਪਰਾਧੀ ਅੱਜਕੱਲ੍ਹ ਜ਼ਮਾਨਤ 'ਤੇ ਹਨ ਤੇ ਕਈ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ।
ਸਾਲ 2014 ਦੀ ਜੁਲਾਈ ਵਿੱਚ ਹਾਈਕੋਰਟ ਦੇ ਹੁਕਮ ਤੋਂ ਬਾਅਦ ਉਸ ਵੇਲੇ ਦੀ ਅਕਾਲੀ-ਬੀਜੇਪੀ ਸਰਕਾਰ ਨੇ ਨਿਰੰਜਨ ਸਿੰਘ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ ਦੋ ਜਵਾਨ ਤਾਇਨਾਤ ਕੀਤੇ ਸਨ। ਇਸ ਤੋਂ ਬਾਅਦ ਜਦੋਂ ਨਿਰੰਜਨ ਸਿੰਘ ਨੇ ਉਸ ਵੇਲੇ ਦੇ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਡਰੱਗਜ਼ ਕੇਸ ਵਿੱਚ ਸੰਮਨ ਕਰਕੇ ਪੁੱਛਗਿਛ ਲਈ ਬੁਲਾਇਆ ਤਾਂ ਅਕਾਲੀ ਸਰਕਾਰ ਨੇ ਨਿਰੰਜਨ ਸਿੰਘ ਦੀ ਸੁਰੱਖਿਆ ਵਧਾਉਂਦੇ ਹੋਏ ਤਿੰਨ ਜਵਾਨ ਹੋਰ ਤਾਇਨਾਤ ਕਰ ਦਿੱਤੇ ਸਨ। ਮਾਰਚ 2019 ਤੱਕ ਨਿਰੰਜਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਿੱਚ ਪੰਜ ਜਵਾਨ ਤਾਇਨਾਤ ਸਨ।
ਅਪਰੈਲ ਮਹੀਨੇ ਵਿੱਚ ਪੁਲਿਸ ਡਿਪਾਰਟਮੈਂਟ ਨੇ ਦੋ ਜਵਾਨਾਂ ਨੂੰ ਵਾਪਸ ਬੁਲਾ ਲਿਆ। ਮਈ ਮਹੀਨੇ ਵਿੱਚ ਸਾਰੇ ਜਵਾਨ ਨਿਰੰਜਨ ਸਿੰਘ ਦੀ ਸੁਰੱਖਿਆ ਵਿੱਚੋਂ ਵਾਪਸ ਲੈ ਲਏ ਗਏ। ਮਈ 21 ਨੂੰ ਮੁੜ ਦੋ ਜਵਾਨ ਭੇਜੇ ਗਏ। 10 ਦਿਨ ਬਾਅਦ ਇੱਕ ਹੋਰ ਸੁਰੱਖਿਆ ਕਰਮੀ ਨੂੰ ਤਾਇਨਾਤ ਕੀਤਾ ਗਿਆ ਜਿਸ ਨੂੰ ਚਾਰ ਦਿਨ ਬਾਅਦ ਵਾਪਸ ਬੁਲਾ ਲਿਆ ਗਿਆ।
ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਸੁਰੱਖਿਆ ਘਟਾਏ ਜਾਣ ਦੇ ਮਾਮਲੇ ਵਿੱਚ ਕੈਮਰੇ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਇਹ ਜ਼ਰੂਰ ਦੱਸਿਆ ਕਿ ਸੁਰੱਖਿਆ ਦੇ ਮਾਮਲੇ ਵਿੱਚ ਉਨ੍ਹਾਂ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਤੇ ਆਪਣੇ ਡਿਪਾਰਟਮੈਂਟ ਨੂੰ ਲਿਖਿਆ ਹੈ। ਨਿਰੰਜਨ ਸਿੰਘ ਨੇ ਕਿਹਾ ਕਿ ਡਰੱਗਜ਼ ਰੈਕੇਟ ਵਿੱਚ ਕਈ ਵੱਡੇ ਕ੍ਰਿਮੀਨਲਜ਼ ਦੇ ਨਾਲ ਕੁਝ ਅਜਿਹੇ ਮੁਲਜ਼ਮਾਂ ਦੀ ਵੀ ਪੁੱਛਗਿੱਛ ਕੀਤੀ ਗਈ ਹੈ ਜਿਹੜੇ ਅੱਤਵਾਦੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਰਹੇ ਹਨ।
ਇਸ ਤੋਂ ਇਲਾਵਾ ਹਵੇਲੀ ਦੇ ਕੋਲ ਏਐਸਆਈ ਦਾ ਕਤਲ ਕਰਨ ਵਾਲੇ ਜਗਦੀਸ਼ ਭੋਲਾ ਦੇ ਸ਼ਾਰਪ ਸ਼ੂਟਰ ਨੂੰ ਵੀ ਡਰੱਗ ਰੈਕੇਟ ਵਿੱਚ ਪੁੱਛਗਿਛ ਹੋ ਚੁੱਕੀ ਹੈ। ਈਡੀ ਦੇ ਦੋ ਕੇਸਾਂ ਵਿੱਚ ਫਿਲਹਾਲ ਮੇਰੀ ਗਵਾਹੀ ਵੀ ਚੱਲ ਰਹੀ ਹੈ। ਇਸ ਲਈ ਮੇਰੀ ਜਾਨ ਨੂੰ ਖਤਰਾ ਹੈ।
ਡਰੱਗ ਰੈਕਟ ਦੀ ਜਾਂਚ ਕਰ ਰਹੇ ਈਡੀ ਅਫਸਰ ਨਿਰੰਜਨ ਸਿੰਘ ਦੀ ਜਾਨ ਨੂੰ ਖਤਰਾ, ਕੈਪਟਨ ਸਰਕਾਰ ਨੇ ਘਟਾਈ ਸੁਰੱਖਿਆ
ਏਬੀਪੀ ਸਾਂਝਾ
Updated at:
03 Jul 2019 11:45 AM (IST)
ਸੁਰੱਖਿਆ ਘਟਾਏ ਜਾਣ ਮਗਰੋਂ ਨਿਰਜੰਨ ਸਿੰਘ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਈਮੇਲ ਰਾਹੀਂ ਪੱਤਰ ਲਿਖਿਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।
- - - - - - - - - Advertisement - - - - - - - - -