ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿੱਚ ਹਿੰਸਕ ਘਟਨਾਵਾਂ ਸਾਹਮਣੇ ਆਉਣ ਮਗਰੋਂ ਜੇਲ੍ਹ ਵਿਭਾਗ ਪੱਬਾਂ ਭਾਰ ਹੈ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਜੇਲ੍ਹ ਵਿਭਾਗ ਹੁਣ ਜੇਲ੍ਹਾਂ ਵਿੱਚ ਸਪੈਸ਼ਲ ਟਾਸਕ ਫੋਰਸ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਇਲਾਵਾ ਜੇਲ੍ਹਾਂ ਵਿੱਚ ਖਾਲੀ ਪਈਆਂ ਆਸਾਮੀਆਂ ਨੂੰ ਵੀ ਭਰਿਆ ਜਾਏਗਾ। ਇਸ ਨਾਲ ਜਿੱਥੇ ਜੇਲ੍ਹਾਂ ਦੀ ਸੁਰੱਖਿਆ ਵਧੇਗੀ, ਉੱਥੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲੱਬਧ ਹੋਣਗੇ।


ਜੇਲ੍ਹਾਂ ਦੀ ਸੁਰੱਖਿਆ ਲਈ ਪਹਿਲਾਂ ਸੀਆਰਪੀਐਫ ਤਾਇਨਾਤ ਕਰਨ ਦੀ ਵੀ ਗੱਲ ਹੋ ਰਹੀ ਹੈ। ਇਸ ਨਾਲ ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ 8 ਅਕਤੂਬਰ 2018 ਨੂੰ ਮੰਗ ਕੀਤੀ ਜਾ ਚੁੱਕੀ ਹੈ ਪਰ ਹਾਲੇ ਇਸ ਦੀ ਤਾਇਨਾਤੀ ਵਿੱਚ ਇੱਕ ਮਹੀਨੇ ਦਾ ਸਮਾਂ ਲੱਗੇਗਾ। ਪਰ ਇਸ ਨਾਲ ਸਰਕਾਰ 'ਤੇ ਸਾਲਾਨਾ 24 ਕਰੋੜ ਰੁਪਏ ਦਾ ਬੋਝ ਪਏਗਾ।

ਹਾਸਲ ਜਾਣਕਾਰੀ ਮੁਤਾਬਕ ਮੌਜੂਾਦ ਪੰਜਾਬ ਦੀਆਂ ਜੇਲ੍ਹਾਂ ਅੰਦਰ ਲਗਪਗ ਇੱਕ ਹਜ਼ਾਰ ਮੁਲਾਜ਼ਮਾਂ ਦੀ ਕਮੀ ਹੈ। ਇਸ ਵਿੱਚ ਜੇਲ੍ਹ ਦੇ ਵੱਖ-ਵੱਖ ਅਹੁਦੇ ਸ਼ਾਮਲ ਹਨ। ਜੇਲ੍ਹ ਵਾਰਡਨਾਂ ਦੀਆਂ 700 ਆਸਾਮੀਆਂ ਖਾਲੀ ਹਨ। ਦੱਸਿਆ ਜਾ ਰਿਹਾ ਹੈ ਕਿ ਨਵੀਆਂ ਭਰਤੀਆਂ ਲਈ ਕੈਪਟਨ ਸਰਕਾਰ ਫੰਡ ਵੀ ਜਾਰੀ ਕਰ ਚੁੱਕੀ ਹੈ। ਇਸ ਬਾਰੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜਲਦ ਹੀ ਜੇਲ੍ਹਾਂ ਵਿੱਚ ਖਾਲੀ ਪਈਆਂ ਆਸਾਮੀਆਂ ਭਰੀਆਂ ਜਾਣਗੀਆਂ।