ਚੰਡੀਗੜ੍ਹ: ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਭਾਰਤ-ਪਾਕਿ ਵਿਚਾਲੇ ਵਧੇ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ 'ਤੇ ਪਵੇ। ਇਸ ਲਈ ਪੰਜਾਬ ਸਰਕਾਰ ਨੇ ਖੁਦ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਪੰਜਾਬ ਸਰਕਾਰ ਦਾ ਵਫਦ ਪਾਕਿਸਤਾਨ ਜਾਵੇਗਾ। ਸਰਕਾਰ ਨੇ ਇਮਰਾਨ ਖਾਨ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ।


ਦਰਅਸਲ ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੇ ਸੂਬੇ ਦੇ ਦੋ ਟੋਟੇ ਕਰਕੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲੋਂ ਵਪਾਰਕ ਰਿਸ਼ਤੇ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਕੂਟਨੀਤਕ ਸਬੰਧ ਵੀ ਘਟਾਉਣ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਲੱਗਦਾ ਹੈ ਕਿ ਇਸ ਦਾ ਅਸਰ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਪੈ ਸਕਦਾ ਹੈ।

ਇਸ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਸਮੇਂ ਸਿਰ ਖੁੱਲ੍ਹਾਉਣ ਲਈ ਪੂਰੀ ਵਾਹ ਲਈ ਜਾਵੇਗੀ। ਇਸ ਲਈ ਨੂੰ ਲੈ ਕੇ ਫਾਈਨਲ ਮੀਟਿੰਗ ਕਰਨ ਲਈ ਪੰਜਾਬ ਦੇ ਮੰਤਰੀਆਂ ਦਾ ਵਫਦ ਪਾਕਿਸਤਾਨ ਜਾਵੇਗਾ। ਇਹ ਵਫਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗਾ। ਇਸ ਵਫਦ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਓਮ ਪ੍ਰਕਾਸ਼ ਸੋਨੀ ਤੇ ਚਰਨਜੀਤ ਸਿੰਘ ਚੰਨੀ ਸ਼ਾਮਲ ਹੋਣਗੇ।

ਰੰਧਾਵਾ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਬਾਰੇ ਲਏ ਗਏ ਫੈਸਲੇ ਦਾ ਅਸਰ ਕਰਤਾਰਪੁਰ ਲਾਂਘੇ 'ਤੇ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਆਪਣੇ ਤੈਅ ਸਮੇਂ 'ਤੇ ਹੀ ਖੋਲ੍ਹਿਆ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਕੂਟਨੀਤਕ ਸਬੰਧਾਂ ਵਿੱਚ ਆਈ ਗਿਰਾਵਟ ਦੇ ਚੱਲਦਿਆਂ ਕਰਤਾਰਪੁਰ ਲਾਂਘੇ ਦਾ ਕੰਮ ਪ੍ਰਭਾਵਿਤ ਨਹੀਂ ਹੋਵੇਗਾ।