ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਖਿਲਾਫ ਪ੍ਰਦਰਸ਼ਨ ਕਰਦੀ ਸਿੱਖ ਸੰਗਤ ਉੱਪਰ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਦੀ ਸ਼ਾਮਤ ਆ ਗਈ ਹੈ। ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਨ੍ਹਾਂ ਅਫਸਰਾਂ ਦੀਆਂ ਪਟੀਸ਼ਨਾਂ ਰੱਦ ਕਰਨ ਮਗਰੋਂ ਕੈਪਟਨ ਸਰਕਾਰ ਨੇ ਸਖਤ ਕਾਰਵਾਈ ਵਿੱਢ ਦਿੱਤੀ ਹੈ। ਇਸ ਤਹਿਤ ਸਭ ਤੋਂ ਪਹਿਲਾਂ ਅੱਜ ਵਿਸ਼ੇਸ਼ ਜਾਂਚ ਟੀਮ ਨੇ ਹੁਸ਼ਿਆਰਪੁਰ ਤੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ। ਸੂਤਰਾਂ ਮੁਤਾਬਕ ਸ਼ਰਮਾ ਵਿਦੇਸ਼ ਖਿਸਕਣ ਦੀ ਤਿਆਰੀ ਵਿੱਚ ਸਨ।
ਦਰਅਸਲ ਕੈਪਟਨ ਸਰਕਾਰ ਇਨ੍ਹਾਂ ਪੁਲਿਸ ਅਫਸਰਾਂ ਵੱਲੋਂ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ-ਪਹਿਲਾਂ ਕਾਰਵਾਈ ਮੁੰਕਮਲ ਕਰਨ ਦੇ ਰੌਂਅ ਵਿੱਚ ਹੈ। ਮੁਅੱਤਲ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਮਗਰੋਂ ਹੋਰ ਅਫਸਰਾਂ ਨੂੰ ਹੱਥ ਪਾਇਆ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਵਿਸ਼ੇਸ਼ ਜਾਂਚ ਟੀਮ (ਸਿੱਟ) ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਹਾਈਕੋਰਟ ਵੱਲੋਂ ਅਫਸਰਾਂ ਦੀਆਂ ਪਟੀਸ਼ਨਾਂ ਰੱਦ ਹੁੰਦੇ ਹੀ ਰਾਜ ਸਰਕਾਰ ਨੇ ‘ਸਿੱਟ’ ਨੂੰ ਜ਼ੋਰ-ਸ਼ੋਰ ਨਾਲ ਜਾਂਚ ਮੁਕੰਮਲ ਕਰਨ ਲਈ ਆਖਿਆ ਹੈ।
ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਖਿਲਾਫ਼ ਪੁਲਿਸ ਅਧਿਕਾਰੀਆਂ ਵੱਲੋਂ ਦਾਇਰ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਕੈਪਟਨ ਸਰਕਾਰ ਮੁਲਜ਼ਮਾਂ ਦੇ ਸੁਪਰੀਮ ਕੋਰਟ ਵਿੱਚ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ ਵਿੱਚ ਜਾਣ ਦੇ ਮੱਦੇਨਜ਼ਰ ਕੇਵੀਅਟ ਪਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਪੰਜਾਬ ਸਰਕਾਰ ਦੇ ਪੱਖ ਨੂੰ ਸੁਣੇ ਬਗੈਰ ਸਟੇਅ ਨਹੀਂ ਮਿਲੇਗਾ।
ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਨਾਲ ਬਰਗਾੜੀ ਵਿੱਚ ਮੁੜ ਮੋਰਚਾ ਲਾਉਣ ਤੋਂ ਰੋਕਿਆ ਜਾ ਸਕਦਾ ਹੈ। ਲੋਕਾਂ ’ਚ ਸਪੱਸ਼ਟ ਸੰਕੇਤ ਜਾਏਗਾ ਕਿ ਕਾਂਗਰਸ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਜਿਹੜਾ ਵਾਅਦਾ ਕੀਤਾ ਸੀ, ਉਸ ’ਤੇ ਉਹ ਖਰਾ ਉੱਤਰ ਰਹੀ ਹੈ। ਇਸ ਤਰ੍ਹਾਂ ਕੈਪਟਨ ਸਰਕਾਰ ਲੋਕ ਸਭਾ ਤੋਂ ਪਹਿਲਾਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਲਈ ਜ਼ਿੰਮੇਵਾਰ ਅਫਸਰਾਂ ਵਿਰੁੱਧ ਕਾਰਵਾਈ ਕਰਕੇ ਸਿੱਖ ਵੋਟਰਾਂ ਦਾ ਦਿਲ ਜਿੱਤਣਾ ਚਾਹੁੰਦੀ ਹੈ।