ਫਿਰੋਜ਼ਪੁਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਪੂਰੇ ਭਾਰਤ ਨੂੰ ਮੁਕਤ ਕਰਵਾਇਆ ਸੀ, ਉਹ ਕਿਵੇਂ ਬਾਹਰੀ ਵਿਅਕਤੀ ਨੂੰ ਪੰਜਾਬ `ਤੇ ਕਬਜ਼ਾ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕਦੇ ਵੀ ਆਮ ਆਦਮੀ ਪਾਰਟੀ ਦੇ ਕਸੂਰਵਾਰ ਨੇਤਾਵਾਂ ਨੂੰ ਸੱਤਾ `ਚ ਨਹੀਂ ਲਿਆਉਣਗੇ।
ਅੱਜ ਫਿ਼ਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਪਹੁੰਚੇ ਕੈਪਟਨ ਨੇ ਜਿਥੇ 'ਆਪ' ਨੂੰ ਪੰਜਾਬ ਵਿਰੋਧੀ ਗਰਦਾਨਿਆਂ, ਉਥੇ ਪੰਜਾਬੀਆਂ ਨੂੰ ਸੂਝਵਾਨ ਗਰਦਾਨਦਿਆਂ ਕਿਹਾ ਕਿ ਪੰਜਾਬ ਕਦੇ ਵੀ ਬਾਹਰੀ ਬੰਦੇ ਨੂੰ ਪੰਜਾਬ `ਤੇ ਰਾਜ ਨਹੀਂ ਕਰਨ ਦੇਣਗੇ। 'ਆਪ' ਆਗੂਆਂ `ਤੇ ਸੈਕਸ ਸਕੈਂਡਲਾਂ ਦੇ ਇਲਜ਼ਾਮਾਂ ਬਾਰੇ ਕੈਪਟਨ ਨੇ ਕਿਹਾ ਕਿ ਅਸੀਂ ਤਾਂ ਉਦੋਂ ਕਹਿੰਦੇ ਸੀ, ਜਦੋਂ ਇਨ੍ਹਾਂ ਦਿੱਲੀ `ਚ ਪੈਰ ਪਸਾਰੇ ਸਨ, ਹੁਣ ਤਾਂ ਇਹ 'ਆਪ' ਹੀ ਕਹਿ ਰਹੇ ਹਨ ਜਾਂ ਮੀਡੀਆ ਕੋਲ ਸਭ ਕੁਝ ਹੈ।
ਆਮ ਆਦਮੀ ਪਾਰਟੀ `ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਜਿਥੇ ਕਾਂਗਰਸੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਸੱਤਾ ਵਿੱਚ ਆਉਣ ਦਾ ਹੋਕਾ ਦਿੱਤਾ, ਉੱਥੇ 'ਆਪ' ਨੂੰ ਪੰਜਾਬ ਤੇ ਪੰਜਾਬੀਅਤ ਵਿਰੋਧੀ ਗਰਦਾਨਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਨੂੰ ਕੰਗਾਲ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸੈਕਸ ਸਕੈਂਡਲ ਜਾਂ ਹੋਰ ਸਕੈਂਡਲਾਂ ਦੀਆਂ ਪਰਤਾਂ ਖੁੱਲ੍ਹਣ ਨਾਲ ਇਨ੍ਹਾਂ ਦੀ ਪੰਜਾਬ ਜਾਂ ਆਮ ਲੋਕਾਂ ਪ੍ਰਤੀ ਹਮਦਰਦੀ ਸਾਹਮਣੇ ਆ ਰਹੀ ਹੈ।