ਚੰਡੀਗੜ੍ਹ: ਬੇਅਦਬੀ ਮਾਮਲੇ ਦੀ ਜਾਂਚ ਸਬੰਧੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੇ ਪੰਜਾਬ ਦਾ ਸਿਆਸੀ ਪਾਰਾ ਚਾੜ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਕਾਂਗਰਸ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾ ਰਿਹਾ ਹੈ। ਦੂਜੇ ਪਾਸੇ ਕੈਪਟਨ ਸਰਕਾਰ ਅਕਾਲੀ ਦਲ ਨੂੰ ਅਜਿਹਾ ਕੋਈ ਮੌਕਾ ਦੇਣ ਦੇ ਰੌਂਅ ਵਿੱਚ ਨਹੀਂ। ਇਸ ਲਈ ਕੈਪਟਨ ਨੇ ਸੁਖਬੀਰ ਬਾਦਲ ਦੇ ਨਹਿਲੇ 'ਤੇ ਦਹਿਲਾ ਮਾਰਦਿਆਂ ਜਾਂਚ ਮੁੜ ਸ਼ੁਰੂ ਕਰਾਉਣ ਦਾ ਪੈਂਤੜਾ ਚੱਲਿਆ ਹੈ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਸੀਬੀਆਈ ਨੂੰ ਬੇਅਦਬੀ ਕੇਸਾਂ ਦੀ ਜਾਂਚ ਬੰਦ ਕਰਨ ਦੀ ਥਾਂ ਨਵੇਂ ਸਿਰਿਓਂ ਜਾਂਚ ਕਰਨ ਲਈ ਕਹੇਗੀ। ਇਸ ਦੇ ਨਾਲ ਹੀ ਸਰਕਾਰ ਅਦਾਲਤ ਵਿੱਚ ਸੁਣਵਾਈ ਦੌਰਾਨ ਕੇਸ ਨੂੰ ਬੰਦ ਕੀਤੇ ਜਾਣ ਦਾ ਵਿਰੋਧ ਕਰੇਗੀ। ਅਕਾਲੀ ਦਲ ਨੂੰ ਫਿਟਕਾਰ ਲਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ ਨੂੰ ਸਿਰੇ ਲਾਉਣ ਦਾ ਮੁੜ ਵਾਅਦਾ ਕੀਤਾ ਹੈ।
ਦਰਅਸਲ ਪੰਜਾਬ ਪੁਲਿਸ ਹੀ ਬਰਗਾੜੀ ਕੇਸ ਦੀ ਮੁੱਢਲੀ ਤਫਤੀਸ਼ੀ ਏਜੰਸੀ ਹੈ। ਇਸ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪਿਆ ਸੀ। ਸੂਤਰਾਂ ਮੁਤਾਬਕ ਮੁੱਢਲੀ ਜਾਂਚ ਏਜੰਸੀ ਕੇਸ ਦੀ ਮੁੜ ਘੋਖ ਕਰਨ ਲਈ ਸੀਬੀਆਈ ਨੂੰ ਕਹਿ ਸਕਦੀ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਸੀਬੀਆਈ ਜਾਂਚ ਜਾਰੀ ਰੱਖਣ ਦਾ ਰਾਹ ਅਖਤਿਆਰ ਕਰੇਗੀ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੇ ਕਹਿਣ ’ਤੇ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਸੀਬੀਆਈ ਨੂੰ ਕੇਸ ਬੰਦ ਕਰਨ ਦੀ ਥਾਂ ਮੁੜ ਜਾਂਚ ਕਰਨ ਲਈ ਆਖਿਆ ਜਾਵੇਗਾ। ਦਰਅਸਲ ਪੰਜਾਬ ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਕੁਝ ਨਵੇਂ ਤੱਥ ਸਾਹਮਣੇ ਆਏ ਹਨ। ਡੀਆਈਜੀ ਰਣਬੀਰ ਸਿੰਘ ਖੱਟੜਾ ਵੱਲੋਂ ਕੀਤੀ ਜਾਂਚ ਵਿੱਚ ਡੇਰਾ ਸਿਰਸਾ ਦੇ ਅਹਿਮ ਕਾਰਕੁਨ ਮਹਿੰਦਰਪਾਲ ਬਿੱਟੂ, ਜਿਸ ਦਾ ਪਿਛਲੇ ਦਿਨੀਂ ਨਾਭਾ ਜੇਲ੍ਹ ਵਿਚ ਕਤਲ ਹੋ ਗਿਆ ਸੀ, ਨੇ ਬੇਅਦਬੀ ਮਾਮਲਿਆਂ ਵਿੱਚ ਸ਼ਮੂਲੀਅਤ ਪ੍ਰਵਾਨ ਕੀਤੀ ਸੀ। ਉਸ ਨੇ ਡੇਰੇ ਦੇ ਇੱਕ ਹੋਰ ਅਹਿਮ ਲੀਡਰ ਦਾ ਵੀ ਜ਼ਿਕਰ ਕੀਤਾ ਸੀ, ਜਿਸ ਦੇ ਇਸ਼ਾਰੇ ’ਤੇ ਬੇਅਦਬੀ ਕੀਤੀ ਗਈ। ਪੁਲਿਸ ਨੇ ਅਜੇ ਤਕ ਉਸ ਸ਼ਖ਼ਸ ਤੋਂ ਤਫਤੀਸ਼ ਨਹੀਂ ਕੀਤੀ ਹੈ।
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਮੁਖੀ ਤੋਂ ਵੀ ਪੁੱਛ-ਪੜਤਾਲ ਕਰਨ ਸਬੰਧੀ ਪ੍ਰਵਾਨਗੀ ਮੰਗੀ ਹੈ। ਕੈਪਟਨ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਵਿੱਚ ਵੀ ਕੁਝ ਨਵੇਂ ਤੱਥ ਸਾਹਮਣੇ ਆਏ ਹਨ। ਇਸ ਵਿਸ਼ੇਸ਼ ਜਾਂਚ ਟੀਮ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਸਿੱਟ ਦੀ ਅੰਤਰਿਮ ਰਿਪੋਰਟ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ।
ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਬਰਗਾੜੀ ਦੇ ਬੇਅਦਬੀ ਕੇਸ ਨੂੰ ਬੰਦ ਕਰਨ ਦਾ ਵਿਰੋਧ ਕਰੇਗੀ ਤੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਸਾਰੇ ਕਾਨੂੰਨੀ ਪਹਿਲੂ ਘੋਖਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਰਗਾੜੀ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਘਟਨਾ ਨਾਲ ਜੁੜੇ ਮਾਮਲਿਆਂ ਦੀ ਤਹਿ ਤੱਕ ਜਾਣ ਲਈ ਪੂਰੀ ਪੈਰਵੀ ਕਰੇਗੀ।
ਸੁਖਬੀਰ ਦੇ ਨਹਿਲੇ 'ਤੇ ਕੈਪਟਨ ਦਾ ਦਹਿਲਾ!
ਏਬੀਪੀ ਸਾਂਝਾ
Updated at:
18 Jul 2019 12:35 PM (IST)
ਬੇਅਦਬੀ ਮਾਮਲੇ ਦੀ ਜਾਂਚ ਸਬੰਧੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੇ ਪੰਜਾਬ ਦਾ ਸਿਆਸੀ ਪਾਰਾ ਚਾੜ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਕਾਂਗਰਸ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾ ਰਿਹਾ ਹੈ। ਦੂਜੇ ਪਾਸੇ ਕੈਪਟਨ ਸਰਕਾਰ ਅਕਾਲੀ ਦਲ ਨੂੰ ਅਜਿਹਾ ਕੋਈ ਮੌਕਾ ਦੇਣ ਦੇ ਰੌਂਅ ਵਿੱਚ ਨਹੀਂ। ਇਸ ਲਈ ਕੈਪਟਨ ਨੇ ਸੁਖਬੀਰ ਬਾਦਲ ਦੇ ਨਹਿਲੇ 'ਤੇ ਦਹਿਲਾ ਮਾਰਦਿਆਂ ਜਾਂਚ ਮੁੜ ਸ਼ੁਰੂ ਕਰਾਉਣ ਦਾ ਪੈਂਤੜਾ ਚੱਲਿਆ ਹੈ।
- - - - - - - - - Advertisement - - - - - - - - -