ਚੰਡੀਗੜ੍ਹ: ਪੰਜਾਬ ਦੇ ਸੱਤ ਕੈਬਨਿਟ ਮੰਤਰੀਆਂ, ਸਪੀਕਰ ਤੇ ਡਿਪਟੀ ਸਪੀਕਰ ਦੇ ਹਲਕਿਆਂ ਵਿੱਚ ਕਾਂਗਰਸ ਨੂੰ ਹਾਰ ਮਿਲੀ ਹੈ। ਚਰਚਾ ਹੈ ਕਿ ਹੁਣ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਦੇ ਹਲਕਿਆਂ ਵਿੱਚ ਉਮੀਦਵਾਰ ਹਾਰਨਗੇ, ਉਨ੍ਹਾਂ ਦੀ ਜਵਾਬ ਤਲਬੀ ਹੋਏਗੀ।

ਕੈਪਟਨ ਨੇ ਕਿਹਾ ਕਿ ਜਿਨ੍ਹਾਂ ਹਲਕਿਆਂ ਵਿੱਚ ਉਮੀਦਵਾਰ ਹਾਰੇ ਹਨ, ਉਨ੍ਹਾਂ ਨਾਲ ਸਬੰਧਤ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਪੜਚੋਲ ਕੀਤੀ ਜਾਵੇਗੀ। ਉਂਝ ਉਨ੍ਹਾਂ ਨੇ ਕਾਰਵਾਈ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਕੈਪਟਨ ਨੇ ਸਿਰਫ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਹੀ ਨਿਸ਼ਾਨਾ ਬਣਾਇਆ ਕਿ ਉਨ੍ਹਾਂ ਦੀ ਵਜ੍ਹਾ ਕਰਕੇ ਹੀ ਕੁਝ ਹਲਕਿਆਂ ਵਿੱਚ ਹਾਰ ਹੋਈ ਹੈ।

ਕਾਬਲੇਗੌਰ ਹੈ ਕਿ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਸਨਅਤ ਮੰਤਰੀ ਸੁੰਦਰ ਸ਼ਿਆਮ ਅਰੋੜਾ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਹਲਕਿਆਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਸਹੀ ਨਹੀਂ ਰਹੀ।

ਹੁਣ ਸਵਾਲ ਉੱਠ ਰਹੇ ਹਨ ਕਿ ਇਨ੍ਹਾਂ ਮੰਤਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਕੈਪਟਨ ਨੇ ਫੋਕੀ ਧਮਕੀ ਹੀ ਦਿੱਤੀ ਸੀ। ਉਂਝ ਕੈਪਟਨ ਨੇ ਲੰਘੇ ਦਿਨ ਨਤੀਜਿਆਂ 'ਤੇ ਤਸੱਲੀ ਜਾਹਰ ਕਰਦਿਆਂ ਹਾਰੀਆਂ ਪੰਜ ਹਾਰੀਆਂ ਸੀਟਾਂ ਦਾ ਭਾਂਡਾ ਵੀ ਨਵਜੋਤ ਸਿੱਧੂ ਸਿਰ ਭੰਨ੍ਹਿਆ ਹੈ।