ਪਟਿਆਲਾ: ਅੰਬਾਲਾ ਤੋਂ ਪਟਿਆਲਾ ਵੱਲ ਆ ਰਹੀ ਸੈਂਟਰੋ ਕਾਰ ਬੇਕਾਬੂ ਹੋ ਭਾਖੜਾ ਨਹਿਰ ਵਿੱਚ ਡਿੱਗ ਗਈ। ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਇੱਕ ਲਾਪਤਾ ਹੈ। ਮਰਨ ਵਾਲੇ ਅੰਬਾਲਾ ਦੇ ਰਹਿਣ ਵਾਲੇ ਹਨ। ਨਹਿਰ ਦੀ ਟੁੱਟੀ ਗ੍ਰਿਲ ਹਾਦਸੇ ਦਾ ਕਾਰਨ ਬਣੀ।
ਹਾਸਲ ਜਾਣਕਾਰੀ ਮੁਤਾਬਕ ਅੰਬਾਲਾ ਵੱਲੋਂ ਆ ਰਹੀ ਸੈਂਟਰੋ ਕਾਰ ਭਾਖੜਾ ਪੁਲ ਤੋਂ ਗੁਜਰਨ ਵੇਲੇ ਬੇਕਾਬੂ ਹੋ ਗ੍ਰਿਲ ਨਾ ਹੋਣ ਕਾਰਨ ਨਹਿਰ ਵਿੱਚ ਜਾ ਡਿੱਗੀ। ਇਹ ਹਾਦਸਾ ਘਨੌਰ ਤੋਂ ਚਾਰ ਕਿਲੋਮੀਟਰ ਦੂਰ ਜੋੜੇ ਪੁਲ ਨੇੜੇ ਵਾਪਰਿਆ। ਕਾਰ ਵਿੱਚ ਤਿੰਨ ਤੋਂ ਚਾਰ ਲੋਕ ਸਵਾਰ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਦੋ ਦੀਆਂ ਲਾਸ਼ਾਂ ਗੋਤਾਖੋਰਾਂ ਨੇ ਕੱਢ ਲਈਆਂ ਹਨ।
ਪਾਣੀ ਦਾ ਤੇਜ਼ ਵਹਾਅ ਕਾਰ ਨੂੰ ਇੱਕ ਕਿਲੋਮੀਟਰ ਦੂਰ ਤੱਕ ਲੈ ਗਿਆ। ਗੋਤਾਖੋਰਾਂ ਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਸ਼ਨਾਖਤ ਜਸਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਗਾਜ਼ੀਵਾੜਾ ਮੁਹੱਲਾ ਵਜੋਂ ਹੋਈ ਹੈ।