ਪਟਿਆਲਾ: ਨਵੇਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਨੂੰ ਰੈਸਟੋਰੈਂਟ 'ਤੇ ਖਾਣਾ ਖਵਾਉਣ ਆਏ ਮੁੰਡੇ ਨਾਲ ਉਸ ਦੇ ਸਹੁਰਿਆਂ ਨੇ ਇਸ ਲਈ ਕੁੱਟਮਾਰ ਕੀਤੀ ਕਿ ਉਸ ਨੇ ਉਨ੍ਹਾਂ ਦੀ ਕੁੜੀ ਨਾਲ ਉਨ੍ਹਾਂ ਦੀ ਸਹਿਮਤੀ ਬਗ਼ੈਰ ਵਿਆਹ ਕਰਵਾਇਆ ਸੀ। ਬੀਤੀ ਦੇਰ ਰਾਤ ਸ਼ਹਿਰ ਦੇ ਫੁਹਾਰਾ ਚੌਕ ਤੋਂ ਛੋਟੀ ਬਾਰਾਂਦਰੀ ਵੱਲ ਜਾਂਦੀ ਸੜਕ 'ਤੇ ਜਸਪ੍ਰੀਤ ਸਿੰਘ ਉੱਪਰ ਉਸ ਦੇ ਸਹੁਰੇ ਪਰਿਵਾਰ ਦੇ ਤਕਰੀਬਨ 20 ਲੋਕਾਂ ਨੇ ਹਮਲਾ ਕਰ ਦਿੱਤਾ। ਲੜਕੇ ਦਾ ਇਲਜ਼ਾਮ ਹੈ ਕਿ ਪੁਲਿਸ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਕੋਈ ਜਵਾਬ ਨਹੀਂ ਮਿਲਿਆ। ਜਦੋਂ ਉਹ ਸ਼ਿਕਾਇਤ ਕਰਨ ਥਾਣੇ ਗਏ ਤਾਂ ਪੁਲਿਸ ਨੇ ਦੂਜੇ ਥਾਣੇ ਦਾ ਅਧਿਕਾਰ ਖੇਤਰ ਦੀ ਦੁਹਾਈ ਪਾਈ।
ਜਸਪ੍ਰੀਤ ਨੇ ਦੱਸਿਆ ਕਿ ਉਸ ਨੂੰ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕੁੱਟਮਾਰ ਵਿੱਚ ਉਸ ਦੇ ਪਿਤਾ ਦੀ ਪੱਗ ਵੀ ਉੱਤਰ ਗਈ। ਹਮਲਾ ਕਰਨ ਵਾਲਿਆਂ ਨੇ ਜਿੱਥੇ ਲੜਕੇ ਦੀ ਕਾਰ ਭੰਨ ਦਿੱਤੀ, ਉੱਥੇ ਖੜ੍ਹੇ ਟੈਂਪੂ ਦੀ ਵੀ ਭੰਨਤੋੜ ਕਰ ਦਿੱਤੀ। ਲੜਕੇ ਨੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਦੀ ਪਤਨੀ ਨੂੰ ਜ਼ਬਰੀ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ।
ਲੜਕੇ ਨੇ ਦੱਸਿਆ ਕਿ ਉਹ ਪੁਲਿਸ ਦੇ ਹੈਲਪਲਾਈਨ ਨੰਬਰ 100 ਨੰਬਰ ਤੇ 181 'ਤੇ ਫ਼ੋਨ ਕਰਦੇ ਰਹੇ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਦ ਉਹ ਥਾਣਾ ਕੋਤਵਾਲੀ ਪਹੁੰਚੇ ਤਾਂ ਉੱਥੇ ਦੀ ਪੁਲਿਸ ਘਟਨਾ ਸਥਾਨ ਨੂੰ ਸਿਵਲ ਲਾਈਨ ਦਾ ਇਲਾਕਾ ਦੱਸਦੀ ਰਹੀ ਤੇ ਉੱਥੇ ਜਾ ਕੇ ਵੀ ਇਹੋ ਜਵਾਬ ਮਿਲਿਆ।
ਜਸਪ੍ਰੀਤ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲ ਹੈ ਤੇ ਉਸ ਦੀ ਪਤਨੀ ਸੰਦੀਪ ਕੌਰ ਪਟਿਆਲਾ ਦੇ ਪਿੰਡ ਬਾਰਨ ਦੀ ਹੈ ਤੇ ਉਸ ਦੀ ਉਮਰ 22 ਸਾਲ ਹੈ। ਦੋਵੇਂ ਬਾਲਗ ਹਨ ਤੇ ਪਰਸੋਂ ਹੀ ਅਦਾਲਤ ਵਿੱਚ ਜਾ ਕੇ ਵਿਆਹ ਕਰਵਾਇਆ ਹੈ। ਅੰਤਰਜਾਤੀ ਹੋਣ ਕਾਰਨ ਵਿਆਹ ਤੋਂ ਲੜਕੇ ਦਾ ਸਹੁਰਾ ਪਰਿਵਾਰ ਖਫਾ ਹੈ।
ਇਸ ਮਾਮਲੇ ਤੇ ਪੁਲਿਸ ਦਾ ਪੱਖ ਜਾਣਨਾ ਚਾਹਿਆ ਤਾਂ ਥਾਣਾ ਡਵੀਜ਼ਨ ਨੰਬਰ ਦੋ ਦੇ ਵਧੀਕ ਥਾਣਾ ਮੁਖੀ ਮੋਟਰਸਾਈਕਲ 'ਤੇ ਬੈਠ ਕੇ ਚਲੇ ਗਏ। ਵੱਡੇ ਅਧਿਕਾਰੀਆਂ ਮੁਤਾਬਕ ਅਜੇ ਮਾਮਲਾ ਉਨ੍ਹਾਂ ਦੇ ਨੋਟਿਸ ਵਿੱਚ ਨਹੀਂ ਆਇਆ। ਇਸ ਦੀ ਜਾਣਕਾਰੀ ਹਾਸਲ ਕਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।