ਹੁਸ਼ਿਆਰਪੁਰ: ਬੀਤੀ ਰਾਤ ਤਕਰੀਬਨ 11 ਵਜੇ ਵਿਆਹ ਸਮਾਗਮ ਦੌਰਾਨ ਗੋਲ਼ੀਆਂ ਚਲਾਏ ਜਾਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਹੈ। ਮੁਹੱਲਾ ਛੱਤਾ ਬਾਜ਼ਾਰ ਵਿੱਚ ਆਪਣੀ ਧੀ ਦੇ ਵਿਆਹ ਦੇ ਜਸ਼ਨ ਦੌਰਾਨ ਪਿਓ ਤੇ ਉਸ ਦੇ ਦੋਸਤ ਫਾਇਰਿੰਗ ਕਰ ਰਹੇ ਸੀ। ਇੱਕ ਗੋਲ਼ੀ ਛੱਤ ਤੋਂ ਜਾਗੋ ਵੇਖ ਰਹੀ ਸਾਕਸ਼ੀ ਅਰੋੜਾ ਦੇ ਜਾ ਲੱਗੀ।



ਪ੍ਰਾਪਤ ਜਾਣਕਾਰੀ ਮੁਤਾਬਕ ਅਸ਼ੋਕ ਕੁਮਾਰ ਖੋਸਲਾ ਤੇ ਉਸ ਦਾ ਦੋਸਤ ਅਸ਼ੋਕ ਕੁਮਾਰ ਸੇਠੀ ਦੋਵੇਂ ਜਣੇ ਜਾਗੋ ਦੌਰਾਨ ਡੀ.ਜੇ. 'ਤੇ ਨੱਚਦੇ ਹੋਏ ਗੋਲ਼ੀਆਂ ਚਲਾ ਰਹੇ ਸੀ। ਆਪਣੇ ਇਮਤਿਹਾਨ ਕਾਰਨ ਸਮਾਗਮ ਵਿੱਚ ਸ਼ਰੀਕ ਨਾ ਹੋ ਕੇ ਛੱਤ ਤੋਂ ਝਲਕੀਆਂ ਦੇਖ ਰਹੀ ਸਾਕਸ਼ੀ ਅਰੋੜਾ ਉਨ੍ਹਾਂ ਦੀ ਗੋਲ਼ੀ ਦਾ ਸ਼ਿਕਾਰ ਹੋ ਗਈ।



ਸਾਕਸ਼ੀ ਅਰੋੜਾ ਏ.ਪੀ.ਜੇ. ਕਾਲਜ ਜਲੰਧਰ ਵਿੱਚ ਐਮ.ਬੀ.ਏ. ਦੀ ਵਿਦਿਆਰਥਣ ਸੀ ਤੇ ਸੋਮਵਾਰ ਨੂੰ ਉਸ ਦਾ ਇਮਤਿਹਾਨ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਹਥਿਆਰ ਕਬਜ਼ੇ ਵਿੱਚ ਲੈ ਲਏ ਸੀ ਪਰ ਮੁਲਜ਼ਮ ਫਰਾਰ ਹਨ।