ਲੁਧਿਆਣਾ: ਦੋ ਦਿਨ ਪਹਿਲਾਂ ਜਗਰਾਓਂ ਦੇ ਪਿੰਡ ਨੱਥੋਵਾਲ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨਾਲ ਉਸ ਦੇ ਹੀ ਸਕੂਲ ਦੇ ਦੋ ਅਧਿਆਪਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਵਿੱਚ ਅੱਜ ਵੱਡੇ ਖੁਲਾਸੇ ਹੋਏ। ਪੁਲਿਸ ਨੇ ਮਾਸਟਰਾਂ ਦੇ ਇਸ ਘਿਨਾਉਣੇ ਗੈਂਗ ਦਾ ਪਰਦਾਫਾਸ਼ ਕਰਦਿਆਂ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


ਪੁਲਿਸ ਨੇ ਪੀੜਤ ਲੜਕੀ ਦਾ ਗਰਭਪਾਤ ਕਰਨ ਵਾਲੀ ਨਰਸ, ਅਲਟਰਾਸਾਊਂਡ ਸੈਂਟਰ ਦੇ ਡਾਕਟਰ ਦੇ ਨਾਲ-ਨਾਲ ਸਕੂਲ ਦੇ ਇੱਕ ਹੋਰ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਲਜ਼ਮ ਅਧਿਆਪਕਾਂ ਤੋਂ ਬਦਲੀ ਕਰਵਾਉਣ ਲਈ ਢਾਈ ਲੱਖ ਰੁਪਏ ਰਿਸ਼ਵਤ ਲੈਣ ਵਾਲੇ ਪਿੰਡ ਦੇ ਪੰਚਾਇਤ ਮੈਂਬਰ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਜਗਰਾਓਂ ਦੇ ਪੁਲਿਸ ਕਪਤਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਜੀਤ ਸਿੰਘ ਆਪਣੀ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਸਮੇਂ ਆਪਣੇ ਸਾਥੀ ਸੁਖਵੀਰ ਸਿੰਘ ਨੂੰ ਲਾਈਬ੍ਰੇਰੀ ਦੇ ਬਾਹਰ ਨਿਗਰਾਨੀ ਲਈ ਖੜ੍ਹਾ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਰਾਏਕੋਟ ਦੇ ਸਰਕਾਰੀ ਹਸਪਤਾਲ ਵਿੱਚ ਨਰਸ ਜੋ ਪੰਜਾਬੀ ਮਾਸਟਰ ਹਰਜੀਤ ਸਿੰਘ ਦੀ ਪਤਨੀ ਹੀ ਹੈ, ਨੇ ਰਾਏਕੋਟ ਦੇ ਸੰਧੂ ਅਲਟ੍ਰਾਸਾਊਂਡ ਸੈਂਟਰ ਦੇ ਸਹਾਇਕ ਡਾਕਟਰ ਜਗਤਾਰ ਸਿੰਘ ਨਾਲ ਰਲ ਕੇ ਉੱਥੇ ਹੀ ਪੀੜਤਾ ਦਾ ਗਰਭਪਾਤ ਕੀਤਾ। ਐੱਸ.ਐੱਸ.ਪੀ. ਨੇ ਦੱਸਿਆ ਕਿ ਪਿੰਡ ਵਿੱਚ ਦੋਵਾਂ ਨੂੰ ਬਦਨਾਮੀ ਤੋਂ ਬਚਾਉਣ ਲਈ ਨੱਥੋਵਾਲ ਦੇ ਪੰਚਾਇਤ ਮੈਂਬਰ ਨੇ ਬਦਲੀ ਕਰਵਾਉਣ ਦੇ ਨਾਂਅ 'ਤੇ ਢਾਈ ਲੱਖ ਰੁਪਏ ਰਿਸ਼ਵਤ ਲਈ ਸੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰਾਂ ਨਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਇਨ੍ਹਾਂ ਨੂੰ ਅਦਾਲਤ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ।

ਦੋ ਦਿਨ ਪਹਿਲਾਂ ਜਗਰਾਓਂ ਪੁਲਿਸ ਨੇ ਨੱਥੋਵਾਲ ਪਿੰਡ ਦੇ ਸਰਕਾਰੀ ਸਕੂਲ ਦੇ ਪੰਜਾਬ ਮਾਸਟਰ ਹਰਜੀਤ ਸਿੰਘ ਤੇ ਉੱਥੋਂ ਦੇ ਕਾਰਜਕਾਰੀ ਪ੍ਰਿੰਸੀਪਲ ਭਾਰਤ ਭੂਸ਼ਣ ਨੂੰ ਸਕੂਲ ਦੀ ਵਿਦਿਆਰਥਣ ਨਾਲ ਬੀਤੇ ਇੱਕ ਸਾਲ ਤੋਂ ਬਲਾਤਕਾਰ ਕਰਦੇ ਆਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ। ਮਾਮਲੇ ਦੀ ਪੜਤਾਲ ਜਾਰੀ ਹੈ, ਪਰ ਇਸ ਦੀਆਂ ਹੋਰ ਪਰਤਾਂ ਖੁੱਲ੍ਹਣ ਨਾਲ ਇਹ ਕੇਸ ਹੋਰ ਵੀ ਸੰਗੀਨ ਹੁੰਦਾ ਜਾ ਰਿਹਾ ਹੈ।