ਲਾਹੌਰ ਦੀ ਤਰਜ 'ਤੇ ਅੰਮ੍ਰਿਤਸਰ 'ਚ ਬਣੇਗੀ ਫੂਡ ਸਟਰੀਟ
ਏਬੀਪੀ ਸਾਂਝਾ | 10 Feb 2018 05:08 PM (IST)
ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਲਾਹੌਰ ਦੀ ਤਰਜ ਤੇ ਫੂਡ ਸਟਰੀਟ ਬਣੇਗੀ, ਜਿੱਥੇ ਇੱਥੋਂ ਦੇ ਸਵਾਦਿਸ਼ਟ ਭੋਜਨ ਦਾ ਆਨੰਦ ਵਿਸ਼ਵ ਭਰ ਤੋਂ ਆਉਂਦੇ ਸੈਲਾਨੀ ਲੈ ਸਕਣਗੇ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ। ਮੁੱਖ ਮੰਤਰੀ ਨੇ ਜਿਉਂ ਹੀ ਇਹ ਐਲਾਨ ਕੀਤਾ ਤਾਂ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਨੇ ਭਰੋਸਾ ਦਿੱਤਾ ਕਿ ਅਗਲੇ 6 ਮਹੀਨਿਆਂ ਵਿੱਚ ਇਹ ਫੂਡ ਸਟਰੀਟ ਸ਼ਹਿਰ ਦੇ ਟਾਊਨ ਹਾਲ ਵਿੱਚ ਬਣਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਗਰੀ ਇਸ ਵੇਲੇ ਲੱਖਾਂ ਸੈਲਾਨੀ ਰੋਜ਼ ਆਉਂਦੇ ਹਨ ਅਤੇ ਜੇਕਰ ਉਨ੍ਹਾਂ ਵਾਸਤੇ ਪੰਜਾਬ ਦੇ ਲਜ਼ੀਜ਼ ਖਾਣੇ ਇੱਕ ਹੀ ਥਾਂ ਮਿਲਣ ਲੱਗ ਜਾਣ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਪ੍ਰਸਿੱਧ ਕਲਾਕਾਰ ਅਤੇ ਨਿਰਮਾਤਾ ਦੀਪਾ ਸ਼ਾਹੀ ਵਲੋਂ ਕਿਲ੍ਹਾ ਗੋਬਿੰਦਗੜ੍ਹ ਵਿਖੇ ਕਰਵਾਏ ਜਾ ਰਹੇ ਇਤਿਹਾਸਕ ਕੰਮ ਦਾ ਪੂਰਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਦੀਪਾ ਵਲੋਂ 18ਵੀਂ ਸਦੀ ਦੇ ਇਸ ਕਿਲ੍ਹੇ ਨੂੰ ਸਾਂਭਣ ਅਤੇ ਉਸ ਮੌਕੇ ਦੀ ਵਿਰਾਸਤ ਨੂੰ ਜਨਤਾ ਦੇ ਰੂਬਰੂ ਕਰਨ ਲਈ ਕੀਤਾ ਜਾ ਰਿਹਾ ਕੰਮ ਸਲਾਹਣਯੋਗ ਹੈ, ਅਤੇ ਇਸ ਕੰਮ ਵਿੱਚ ਸਰਕਾਰ ਉਸ ਦੇ ਨਾਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸੁਖਬਿੰਦਰ ਸਿੰਘ ਸਰਕਾਰੀਆ, ਓ.ਪੀ ਸੋਨੀ, ਡਾ: ਰਾਜਕੁਮਾਰ ਵੇਰਕਾ ਆਦਿ ਹਾਜ਼ਰ ਸਨ।