ਚੰਡੀਗੜ੍ਹ: ਆਜ਼ਾਦੀ ਦਿਹਾੜੇ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਹਾਈ ਅਲਰਟ 'ਤੇ ਹੈ ਤੇ ਨਾਕੇਬੰਦੀ ਕਰ ਕੇ ਵਾਹਨਾਂ ਦੀ ਜਾਂਚ ਕਰ ਰਹੀ ਹੈ। ਪਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਉਸ ਵੇਲੇ ਸਵਾਲੀਆ ਨਿਸ਼ਾਨ ਲੱਗੇ ਜਦੋਂ ਸ਼ੁੱਕਰਵਾਰ ਸ਼ਾਮ ਚੰਡੀਗੜ੍ਹ ਦੇ ਬੇਹੱਦ ਭੀੜਭਾੜ ਵਾਲੇ ਇਲਾਕਿਆਂ ਵਿੱਚੋਂ ਇੱਕ ਏਲਾਂਤੇ ਮਾਲ ਦੇ ਸਾਹਮਣਿਓਂ ਲੁਟੇਰੇ ਬੇਖ਼ੌਫ ਹੋ ਕੇ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਕੇ ਫ਼ਰਾਰ ਹੋ ਗਏ।
ਸ਼ੁੱਕਰਵਾਰ ਦੇਰ ਸ਼ਾਮ ਚੰਡੀਗੜ੍ਹ ਦੀ ਰਹਿਣ ਵਾਲੀ ਨਿਧੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜੋ ਆਪਣੀ ਸਹੇਲੀ ਨਾਲ ਏਲਾਂਤੇ ਮਾਲ ਦੇ ਗੇਟ ਨੰਬਰ 3 'ਤੇ ਪਹੁੰਚੀ ਸੀ, ਜਿੱਥੋਂ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਤੋਂ ਕਾਰ ਖੋਹ ਲਈ। ਸ਼ਿਕਾਇਤਕਰਤਾ ਨਿਧੀ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਨਵਨੀਤ ਕੌਰ ਨਾਲ ਤੀਆਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜ਼ੀਰਕਪੁਰ ਦੇ ਇੱਕ ਹੋਟਲ ਵਿਚ ਗਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਏਲਾਂਤੇ ਮਾਲ ਆਉਣਾ ਸੀ ਜਿੱਥੇ ਉਸ ਦੇ ਪਤੀ ਬੱਚਿਆਂ ਨਾਲ ਪਹੁੰਚੇ ਹੋਏ ਸਨ।
ਨਿਧੀ ਆਪਣੀ ਸਹੇਲੀ ਦੀ ਹਾਂਡਾ ਸਿਟੀ ਕਾਰ ਚਲਾ ਰਹੀ ਸੀ ਜਦਕਿ ਉਸ ਦੀ ਦੋਸਤ ਉਸ ਦੇ ਨਾਲ ਦੀ ਸੀਟ ਉੱਤੇ ਬੈਠੀ ਹੋਈ ਸੀ। ਦੋਵੇਂ 7 ਵਜੇ ਦੇ ਕਰੀਬ ਮਾਲ ਦੇ ਗੇਟ ਨੰਬਰ 3 'ਤੇ ਪਹੁੰਚੀਆਂ। ਇੱਥੇ ਨਿਧੀ ਨੇ ਉੱਤਰਨਾ ਸੀ ਤੇ ਉਸ ਦੀ ਦੋਸਤ ਨੇ ਉੱਥੋਂ ਕਾਰ ਲੈ ਕੇ ਚਲੇ ਜਾਣਾ ਸੀ, ਪਰ ਇਸ ਦੌਰਾਨ 20-22 ਸਾਲ ਦੀ ਉਮਰ ਦੇ ਦੋ ਮੁੰਡੇ ਉੱਥੇ ਪਹੁੰਚੇ। ਜਦੋਂ ਨਿਧੀ ਕਾਰ ਵਿੱਚੋਂ ਉੱਤਰੀ ਤਾਂ ਇੱਕ ਮੁੰਡੇ ਨੇ ਪਿਸਤੌਲ ਉਸ 'ਤੇ ਤਾਣ ਦਿੱਤਾ ਅਤੇ ਉਸ ਦੀ ਦੋਸਤ ਨੂੰ ਵੀ ਕਾਰ ਵਿੱਚੋਂ ਉੱਤਰਨ ਲਈ ਕਿਹਾ। ਇਸ ਤੋਂ ਬਾਅਦ ਦੋਵੇਂ ਮੁੰਡੇ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਸ਼ਹਿਰ 'ਚ ਵਾਇਰਲੈਸ 'ਤੇ ਕਾਰ ਦਾ ਨੰਬਰ ਫਲੈਸ਼ ਵੀ ਕਰ ਦਿੱਤਾ ਸੀ ਪਰ ਫਿਰ ਵੀ ਪੁਲਿਸ ਲੁਟੇਰਿਆਂ ਨੂੰ ਫੜਨ 'ਚ ਕਾਮਯਾਬ ਨਾ ਹੋ ਸਕੀ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਵੀ ਹਾਸਿਲ ਕਰ ਲਈ ਹੈ ਤੇ ਨਿਧੀ ਦੇ ਬਿਆਨਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਧੀ ਦੀ ਜਿਸ ਸਹੇਲੀ ਦੀ ਕਾਰ ਲੁੱਟੀ ਗਈ ਹੈ ਉਹ ਇਸ ਵੇਲੇ ਸਦਮੇ 'ਚ ਹੈ। ਇਸ ਵਾਰਦਾਤ ਤੋਂ ਬਾਅਦ ਉਹ ਕਾਫੀ ਸਹਿਮ ਗਈ ਸੀ।