ਤਰਨ ਤਾਰਨ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅਤੇ ਦੂਜੇ ਰਾਜਾਂ ਤੋਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਚਾਰ ਮੈਂਬਰਾਂ ਦੇ ਗਿਰੋਹ ਨੂੰ ਬੇਨਕਾਬ ਕਰਦੇ ਹੋਏ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਐਸਐਸਪੀ ਧਰੁਮਨ ਨਿੰਬਲੇ ਨੇ ਕਿਹਾ, ਐਂਟੀ ਨਾਰਕੋਟਿਕਸ ਸੈੱਲ ਵਲੋਂ ਤਰਨਤਾਰਨ ਦੀਆਂ ਰਸੂਲਪੁਰ ਨਹਿਰਾਂ ਤੇ ਨਾਕਾਬੰਦੀ ਦੌਰਾਨ ਇੱਕ ਸਵਿਫਟ ਕਾਰ ਐੱਚਆਰ 51 ਬੀਵੀ 1040 ਜੋ ਫਿਰੋਜ਼ਪੁਰ ਵਲੋਂ ਆ ਰਹੀ ਸੀ ਨੂੰ ਰੋਕਿਆ ਗਿਆ ਅਤੇ ਪੁਲੀਸ ਵੱਲੋਂ ਮਨਪ੍ਰੀਤ ਸਿੰਘ ਬਾਉ ਵਾਸੀ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਅਤੇ ਗੁਰਭੇਜ ਸਿੰਘ ਭੇਜਾ ਵਾਸੀ ਨੌਸ਼ਹਿਰਾ ਪੰਨੂੰਆਂ ਨੂੰ ਕਾਬੂ ਕੀਤਾ ਗਿਆ।ਇਸ ਮਾਮਲੇ ਵਿਚ ਧਰਮਿੰਦਰ ਸਿੰਘ ਵਾੜਾ ਤੇਲੀਆਂ ਅਤੇ ਭੁਪਿੰਦਰ ਸਿੰਘ ਭਿੰਦਾ ਵਾਸੀ ਕਲਸੀਆਂ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕੀਤਾ ਜਾਣਾ ਬਾਕੀ ਹੈ ।



ਪੁਲੀਸ ਨੇ ਇਨ੍ਹਾਂ ਕੋਲੋਂ 6 ਗੱਡੀਆਂ ਜਿਨ੍ਹਾਂ ਵਿੱਚ 2 ਸਵਿਫਟ, 3 ਕਰੇਟਾ ਅਤੇ 1 ਬਰੇਜ਼ਾ ਗੱਡੀਆਂ ਬਰਾਮਦ ਕੀਤੀਆਂ ਹਨ। ਜੋ ਕਿ ਜਾਅਲੀ ਨੰਬਰ ਪਲੇਟਾਂ ਲਗਾਕੇ ਵੇਚਦੇ ਸੀ।

ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਸੀ ਆਈ ਏ ਸਟਾਫ ਵਲੋਂ ਨਾਕੇਬੰਦੀ ਦੌਰਾਨ ਚਿੱਟੇ ਰੰਗ ਦੀ ਸਫਾਰੀ ਗੱਡੀ ਵਿੱਚੋ ਦੋ ਆਰੋਪੀਆਂ ਦੇ ਲੱਕ ਨਾਲ ਬੰਨੀ 5 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਇਹ ਅਫੀਮ ਆਰੋਪੀ ਰਾਜਸਥਾਨ ਤੋਂ ਲਿਆ ਕੇ ਪੰਜਾਬ ਵਿੱਚ ਵੇਚਦੇ ਸੀ।ਪੁਲਿਸ ਨੇ ਦੋਨਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।