ਅੱਠ ਹਜ਼ਾਰ ਅਧਿਆਪਕਾਂ 'ਤੇ ਸੜਕ ਰੋਕਣ ਤੇ 'ਨਾਜਾਇਜ਼' ਧਰਨੇ ਦਾ ਕੇਸ ਦਰਜ
ਏਬੀਪੀ ਸਾਂਝਾ | 27 Mar 2018 02:09 PM (IST)
ਲੁਧਿਆਣਾ: ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਬੀਤੇ ਕੱਲ੍ਹ ਸੂਬੇ ਭਰ ਦੇ ਅਧਿਆਪਕਾਂ ਨੇ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਧਰਨਾ ਦੇਣ ਤੋਂ ਬਾਅਦ ਦਿੱਲੀ-ਅੰਮ੍ਰਿਤਸਰ ਸ਼ਾਹਰਾਹ ਜਾਮ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਕੇਸ ਦਰਜ ਕੀਤੇ ਹਨ। ਪਹਿਲਾ ਮਾਮਲਾ ਬਿਨਾ ਕਿਸੇ ਮਨਜ਼ੂਰੀ ਤੋਂ ਦਾਣਾ ਮੰਡੀ ਵਿੱਚ ਧਰਨਾ ਦੇਣ ਤੇ ਦੂਜਾ ਮਾਮਲਾ ਨੈਸ਼ਨਲ ਹਾਈਵੇਅ ਨੂੰ ਬਲੌਕ ਕਰਨ ਸਬੰਧੀ ਦਰਜ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਬਿਨਾ ਆਗਿਆ ਧਰਨਾ ਦੇਣ 'ਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਸੁਖਵਿੰਦਰ ਸਿੰਘ ਚਹਿਲ, ਭੁਪਿੰਦਰ ਸਿੰਘ ਵੜੈਚ, ਬਲਕਾਰ ਸਿੰਘ ਵਲਟੋਹਾ, ਕੁਲਵੰਤ ਸਿੰਘ ਗਿੱਲ, ਬਾਜ ਸਿੰਘ ਖਹਿਰਾ, ਗੁਰਵਿੰਦਰ ਸਿੰਘ ਤਰਨਤਾਰਨ, ਹਰਵਿੰਦਰ ਸਿੰਘ ਬਿਲਗਾ, ਹਾਕਮ ਸਿੰਘ, ਹਰਦੀਪ ਸਿੰਘ ਟੋਡਰ, ਸੁਖਜਿੰਦਰ ਸਿੰਘ ਹਰੀਕਾ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ, ਪਰਦੀਪ ਮਲੂਕਾ, ਜਗਸੀਰ ਸਹੋਤਾ ਤੋਂ ਇਲਾਵਾ 7-8 ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ, ਥਾਣਾ ਸਲੇਮ ਟਾਬਰੀ ਵਿੱਚ ਹੀ ਸਾਂਝਾ ਅਧਿਆਪਕ ਮੋਰਚਾ ਦੇ ਵਰਕਰਾਂ ਵੱਲੋਂ ਨੈਸ਼ਨਲ ਹਾਈਵੇਅ 'ਤੇ ਦੋਵੇਂ ਪਾਸੇ ਸੜਕ 'ਤੇ ਬੈਠ ਕੇ ਟ੍ਰੈਫਿਕ ਜਾਮ ਕਰਨ ਤੇ ਸਮਝਾਉਣ ਦੀ ਕੋਸ਼ਿਸ਼ ਦੇ ਬਾਵਜੂਦ ਧਰਨੇ ਤੋਂ ਨਾ ਉੱਠਣ ਦੇ ਇਲਜ਼ਾਮ ਹੇਠ ਆਈ.ਪੀ.ਸੀ. ਦੀ ਧਾਰਾ 283, 8-ਏ ਨੈਸ਼ਨਲ ਹਾਈਵੇਅ ਐਕਟ 1956 ਤਹਿਤ ਸੱਤ ਤੋਂ ਅੱਠ ਹਜ਼ਾਰ ਅਧਿਆਪਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।