ਬਠਿੰਡਾ: ਪੁੱਠੇ-ਸਿੱਧੇ ਕੰਮਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਅਦਾਕਾਰ ਰਾਖੀ ਸਾਵੰਤ ਇੱਕ ਵਾਰ ਵਿਵਾਦਾਂ ਵਿੱਚ ਘਿਰ ਗਈ ਹੈ। ਹੁਣ ਉਸ ਦਾ ਪੰਗਾ ਡਰਾਈਵਰਾਂ ਨਾਲ ਪਿਆ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਰਾਖੀ ਨੇ ਉਨ੍ਹਾਂ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ। ਇਸ ਨੂੰ ਲੈ ਕੇ ਬਠਿੰਡਾ ਵਿੱਚ ਰਾਖੀ ਸਾਵੰਤ ਖਿਲਾਫ ਅਦਾਲਤ ਵਿੱਚ ਮਾਣਹਾਨੀ ਦਾ ਇਸਤਗਾਸਾ ਦਾਇਰ ਕੀਤਾ ਹੈ।


ਦਰਅਸਲ ਰਾਖੀ ਸਾਵੰਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਉਸ ਵਿੱਚ ਉਹ ਡਰਾਈਵਰ ਭਾਈਚਾਰੇ ਬਾਰੇ ਭੱਦੀ ਸ਼ਬਦਾਵਲੀ ਵਰਤ ਰਹੀ ਹੈ। ਇਸ ਵੀਡੀਓ ਤੋਂ ਨਾਰਾਜ਼ ਬਠਿੰਡਾ ਵਿੱਚ ਡਰਾਈਵਰ ਭਾਈਚਾਰੇ ਵੱਲੋਂ ਵਕੀਲ ਰਾਹੀਂ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਵਿੱਚ ਮਾਣਹਾਨੀ ਦਾ ਇਸਤਗਾਸਾ ਦਾਇਰ ਕੀਤਾ ਹੈ।

ਯਾਦ ਰਹੇ ਹੈਦਰਾਬਾਦ ਵਿੱਚ ਰੇਪ ਪੀੜਤਾ ਦੀ ਮੌਤ ਮਗਰੋਂ ਜਿੱਥੇ ਪੂਰੇ ਦੇਸ਼ ਵਿੱਚ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਸੀ ਉੱਥੇ ਹੀ ਰਾਜਨੀਤਕ ਪਾਰਟੀਆਂ ਵਿੱਚ ਬਿਆਨਬਾਜ਼ੀ ਚੱਲ ਰਹੀ ਸੀ। ਇਸ ਤੋਂ ਬਾਅਦ ਅਦਾਕਾਰਾ ਰਾਖੀ ਸਾਵੰਤ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਕੇ ਡਰਾਈਵਰਾਂ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਉਸ ਨੂੰ ਲੈ ਕੇ ਬਠਿੰਡਾ ਦੇ ਡਰਾਈਵਰਾਂ ਵੱਲੋਂ ਕੁਝ ਦਿਨ ਪਹਿਲਾਂ ਰਾਖੀ ਸਾਵੰਤ ਦਾ ਪੁਤਲਾ ਸਾੜਿਆ ਗਿਆ ਸੀ ਤੇ ਕੋਰਟ ਵਿੱਚ ਕੇਸ ਦਾਇਰ ਕਰਨ ਦੀ ਗੱਲ ਕਹੀ ਸੀ।