ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਥਾਣਾ ਸਦਰ ਵਿੱਚ ਦੋ ਨੌਜਵਾਨਾਂ ਨੂੰ ਨਸ਼ੇ ਦੇ ਫਰਜ਼ੀ ਕੇਸ ਵਿੱਚ ਫਸਾਉਣ 'ਤੇ ਸਬ ਇੰਸਪੈਕਟਰ, ਸਹਾਇਕ ਸਬ ਇੰਸਪੈਕਟਰ ਤੇ ਦੋ ਹੌਲਦਾਰਾਂ ਸਮੇਤ ਚਾਰ ਲੋਕਾਂ 'ਤੇ ਕੇਸ ਦਰਜ ਹੋਇਆ ਹੈ। ਪੁਲਿਸ ਨੇ ਸਾਲ 2014 ਵਿੱਚ ਨਸ਼ੀਲੀ ਗੋਲ਼ੀਆਂ ਫੜਨ ਦਾ ਕੇਸ ਇਸ ਲਈ ਦਰਜ ਕੀਤਾ ਸੀ ਕਿਉਂਕਿ ਉਕਤ ਨੌਜਵਾਨਾਂ ਨੇ ਉਨ੍ਹਾਂ ਨੂੰ ਕਥਿਤ ਇੱਕ ਲੱਖ ਦੀ ਰਿਸ਼ਵਤ ਨਹੀਂ ਸੀ ਦਿੱਤੀ। ਥਾਣਾ ਲੰਬੀ ਦੀ ਪੁਲਿਸ ਨੇ ਨਾਜਾਇਜ਼ ਤਰੀਕੇ ਨਾਲ ਦੋ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਨ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਅਦਾਲਤ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਥਾਣਾ ਲੰਬੀ ਦੇ ਐਸਆਈ ਕਸ਼ਮੀਰੀ ਲਾਲਾ, ਏਐਸਆਈ ਅਜਮੇਰ ਸਿੰਘ, ਹੌਲਦਾਰ ਸੁਖਦੇਵ ਸਿੰਘ ਤੇ ਰਾਜਵੀਰ ਸਿੰਘ ਨੇ 16 ਨਵੰਬਰ, 2014 ਨੂੰ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਮਾਮਲੇ ਦਿਖਾਇਆ ਸੀ ਕਿ ਗਸ਼ਤ ਦੌਰਾਨ ਵਣਵਾਲਾ ਸੜਕ 'ਤੇ ਕਾਰ ਰੋਕੀ, ਜਿਸ ਵਿੱਚੋਂ 50 ਸ਼ੀਸ਼ੀਆਂ ਤੇ ਇੱਕ ਹਜ਼ਾਰ ਨਸ਼ੇ ਦੀਆਂ ਗੋਲ਼ੀਆਂ ਬਰਾਮਦ ਕੀਤੀਆਂ। ਕਾਰ ਸਵਾਰ ਦੋ ਨੌਜਵਾਨਾਂ ਦੀ ਪਛਾਣ ਵਾਗੀਸ਼ ਕੁਮਾਰ ਸ਼ਰਮਾ ਤੇ ਗੁਰਵਿੰਦਰ ਸਿੰਘ ਵਜੋਂ ਹੋਈ ਸੀ। ਪੁਲਿਸ ਨੇ ਦੋਵਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਸੀ।
ਮਾਮਲੇ ਦੀ ਪੈਰਵੀ ਅਦਾਲਤ ਵਿੱਚ ਹੋਈ ਤਾਂ ਅਦਾਲਤ ਨੇ ਮਾਮਲਾ ਫਰਜ਼ੀ ਪਾਇਆ। ਉਨ੍ਹਾਂ ਤੋਂ ਕੁਝ ਬਰਾਮਦਗੀ ਨਹੀਂ ਹੋਈ ਬਲਕਿ ਉਨ੍ਹਾਂ ਨੂੰ ਧੱਕੇ ਨਾਲ ਫਸਾਇਆ ਜਾ ਰਿਹਾ ਹੈ। ਵਾਗੀਸ਼ ਤੇ ਗੁਰਵਿੰਦਰ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਜਦ ਉਨ੍ਹਾਂ ਰੋਕਿਆ ਤਾਂ ਉਹ ਆਪਣੇ ਭਰਾ ਦੇ ਮੋਟਰਸਾਈਕਲ 'ਤੇ ਸਵਾਰ ਸਨ ਨਾ ਕਿ ਕਾਰ 'ਤੇ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਨਵਾਂ ਸੀ ਤਾਂ ਉਹ ਕਾਗ਼ਜ਼ ਨਹੀਂ ਪੇਸ਼ ਕਰ ਸਕੇ। ਜਦਕਿ ਪੁਲਿਸ ਨੇ ਪੂਰੇ ਮਾਮਲੇ ਵਿੱਚ ਉਨ੍ਹਾਂ ਨੂੰ ਸਫੈਦ ਜ਼ੈੱਨ ਕਾਰ ਸਵਾਰ ਬਣਾਇਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ, ਪਰ ਉਨ੍ਹਾਂ ਕੋਲ ਪੈਸੇ ਨਹੀਂ ਸੀ ਪਰ ਉਨ੍ਹਾਂ ਦੋਵਾਂ ਨੇ ਆਪਣੇ ਏਟੀਐਮਜ਼ ਵਿੱਚ ਤਿੰਨ-ਤਿੰਨ ਹਜ਼ਾਰ ਰੁਪਏ ਯਾਨੀ ਛੇ ਹਜ਼ਾਰ ਰੁਪਏ ਕਢਵਾ ਕੇ ਪੁਲਿਸ ਨੂੰ ਦਿੱਤੇ। ਇਸ ਦੇ ਬਾਵਜੂਦ ਵੀ ਪੁਲਿਸ ਵਾਲਿਆਂ ਨੇ ਉਨ੍ਹਾਂ 'ਤੇ ਕੇਸ ਪਾ ਦਿੱਤਾ। ਦੋਵਾਂ ਨੌਜਵਾਨਾਂ ਨੇ ਏਟੀਐਮ ਦੀ ਉਹ ਸੀਸੀਟੀਵੀ ਫੁਟੇਜ ਕਢਵਾ ਕੇ ਅਦਾਲਤ ਨੂੰ ਦਿੱਤੀ, ਜਿਸ ਵਿੱਚ ਉਹ ਪੈਸੇ ਦਿੰਦੇ ਵਿਖਾਈ ਦੇ ਰਹੇ ਸਨ। ਇਸ ਦੇ ਆਧਾਰ 'ਤੇ ਵਧੀਕ ਸੈਸ਼ਨ ਜੱਜ ਕੰਵਲਜੀਤ ਸਿੰਘ ਨੇ ਹੁਕਮ ਜਾਰੀ ਕੀਤੇ ਕਿ ਉਕਤ ਚਾਰੇ ਪੁਲਿਸ ਮੁਲਾਜ਼ਮਾਂ ਨੇ ਗ਼ਲਤ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਦਾਲਤੀ ਹੁਕਮਾਂ 'ਤੇ ਕਾਰਵਾਈ ਕਰਦਿਆਂ ਹੋਇਆਂ ਚਾਰਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।