ਨਹੀਂ ਮੁੱਕ ਰਿਹਾ 'ਆਪ' ਦਾ ਕਲੇਸ਼, ਵਿਧਾਇਕਾਂ ਦੇ ਵੀ ਵੱਖੋ-ਵੱਖ ਸੁਰ
ਏਬੀਪੀ ਸਾਂਝਾ | 25 Jul 2018 12:18 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿਚਲਾ ਕਲੇਸ਼ ਕਿਸੇ ਤਣ-ਪੱਤਣ ਨਹੀਂ ਲੱਗ ਰਿਹਾ। ਪਾਰਟੀ ਦੇ ਸਹਿ ਪ੍ਰਧਾਨ ਬਲਬੀਰ ਸਿੰਘ ਨਾਲ ਪਏ ਰੇੜਕੇ ਨੂੰ ਨਿਬੇੜਣ ਲਈ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ ਵਿਧਾਇਕਾਂ ਦੀ ਮੀਟਿੰਗ ਸੱਦੀ ਪਰ ਇਸ ਮੌਕੇ ਵੀ ਕੋਈ ਇੱਕ ਰਾਏ ਨਹੀਂ ਬਣ ਸਕੀ। ਇਸ ਲਈ ਮਾਮਲੇ ਨੂੰ ਕੋਆਰਡੀਨੇਸ਼ਨ ਕਮੇਟੀ ਹਵਾਲੇ ਕਰ ਦਿੱਤਾ ਗਿਆ ਹੈ। ਖਹਿਰਾ ਵੱਲੋਂ ਡਾ. ਬਲਬੀਰ ਸਿੰਘ ਦੀਆਂ ਕਾਰਵਾਈਆਂ ਖਿਲਾਫ ਵਿਧਾਇਕਾਂ ਦਾ ਸਾਥ ਲੈਣਾ ਚਾਹਿਆ ਪਰ ਕਈ ਵਿਧਾਇਕਾਂ ਨੇ ਖਹਿਰਾ ਵੱਲੋਂ ਡਾ. ਬਲਬੀਰ ਦੇ ਮੁੱਦੇ ਉਪਰ ਸੋਸ਼ਲ ਮੀਡੀਆ ਵਿੱਚ ਲਾਈਵ ਹੋਣ ਉਪਰ ਇਤਰਾਜ਼ ਪ੍ਰਗਟਾਏ। ਇਸ ਦੇ ਨਾਲ ਹੀ ਭਵਿੱਖ ਵਿੱਚ ਪਾਰਟੀ ਦੇ ਮੁੱਦੇ ਮੀਡੀਆ ਜਾਂ ਕਿਸੇ ਹੋਰ ਢੰਗ ਨਾਲ ਜਨਤਕ ਨਾ ਕਰਨ ਦੀ ਸਾਰਿਆਂ ਨੂੰ ਨਸੀਹਤ ਦਿੱਤੀ। ਕਾਬਲੇਗੌਰ ਹੈ ਕਿ ਖਹਿਰਾ ਇਲਜ਼ਾਮ ਲਾ ਰਹੇ ਹਨ ਕਿ ਡਾ. ਬਲਬੀਰ ਸਿੰਘ ਵੱਲੋਂ ਕੁਝ ਪਾਰਟੀ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਲੋਕਾਂ ਕੋਲੋਂ ਪੈਸੇ ਇਕੱਠੇ ਕਰ ਰਿਹਾ ਹੈ। ਦੂਸਰੇ ਪਾਸੇ ਡਾ. ਬਲਬੀਰ ਸਿੰਘ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਖਹਿਰਾ ਵਿਰੁੱਧ ਕਿਸੇ ਨੂੰ ਅਜਿਹੀ ਗੱਲ ਨਹੀਂ ਕਹੀ। ਇਹ ਮਾਮਲਾ ਦਿਨ-ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਪਾਰਟੀ ਦੋ ਧਿਰਾਂ ਵਿੱਚ ਵੰਡੀ ਦਿਖਾਈ ਦੇ ਰਹੀ ਹੈ। ਪਿਛਲੇ ਦਿਨੀਂ ਖਹਿਰਾ ਪੱਕੀ ਕਈ ਲੀਡਰਾਂ ਨੇ ਅਸਤੀਫੇ ਵੀ ਦਿੱਤੇ ਹਨ। ਮੀਡੀਆ ਰਿਪੋਰਟ ਅਨੁਸਾਰ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਆਦਿ ਨਾਲ ਗੱਠਜੋੜ ਦਾ ਮੁੱਦਾ ਉਠਣ ’ਤੇ ਵਿਧਾਇਕਾਂ ਦੀ ਵੱਖ-ਵੱਖ ਰਾਏ ਸਾਹਮਣੇ ਆਈ। ਉਂਜ ਬਹੁਤੇ ਵਿਧਾਇਕਾਂ ਦੀ ਰਾਏ ਸੀ ਕਿ ਇਸ ਮੁੱਦੇ ਉਪਰ ਫਿਲਹਾਲ ਚਰਚਾ ਕਰਨ ਦੀ ਕੋਈ ਤੁਕ ਨਹੀਂ ਕਿਉਂਕਿ ਇਸ ਬਾਬਤ ਹਾਲੇ ਹਾਈਕਮਾਨ ਨੇ ਉਨ੍ਹਾਂ ਤੋਂ ਕੋਈ ਰਾਏ ਨਹੀਂ ਮੰਗੀ। ਅਖੀਰ ਇਹ ਮਾਮਲਾ ਹਾਈਕਮਾਨ ਉਪਰ ਛੱਡਣ ਦਾ ਫੈਸਲਾ ਲਿਆ ਗਿਆ।