ਜਲੰਧਰ: ਵਿਦੇਸ਼ ਜਾਣ ਲਈ ਆਪਣੀ ਰਿਵਾਲਵਰ ਗੰਨ ਹਾਊਸ 'ਚ ਵੇਚਣ ਗਏ ਕਾਂਗਰਸੀ ਲੀਡਰ ਬਲਵੰਤ ਸ਼ੇਰਗਿਲ ਦੀ ਰਿਵਾਲਵਰ ਤੋਂ ਗੰਨ ਹਾਉਸ ਮਾਲਿਕ ਤੋਂ ਗੋਲੀ ਚੱਲ ਗਈ ਜਿਸ ਕਾਰਨ ਬਲਵੰਤ ਦੀ ਮੌਤ ਹੋ ਗਈ।
36 ਸਾਲਾ ਕਾਂਗਰਸੀ ਲੀਡਰ ਬਲਵੰਤ ਸ਼ੇਰਗਿਲ ਨੇ ਵਿਦੇਸ਼ ਜਾਣਾ ਸੀ ਜਿਸ ਕਾਰਨ ਉਹ ਆਪਣੀ ਲਾਇਸੰਸੀ 22 ਬੋਰ ਦੀ ਰਿਵਾਲਰ ਨੂੰ ਵੇਚਣ ਜਲੰਧਰ ਦੇ ਜਯੋਤੀ ਚੌਕ ਸਥਿਤ ਸੂਰੀ ਗੰਨ ਹਾਉਸ ਗਏ। ਉੱਥੇ ਗੰਨ ਹਾਉਸ ਮਾਲਿਕ ਰਿਵਾਲਰ ਚੈਕ ਕਰਨ ਲਗ ਗਿਆ। ਇਸੇ ਦੌਰਾਨ ਗੋਲੀ ਚੱਲੀ ਜਿਹੜੀ ਕਿ ਸ਼ੇਰਗਿਲ ਦੀ ਅੱਖ ਵਿੱਚ ਲੱਗ ਗਈ। ਸ਼ੇਰਗਿਲ ਨੂੰ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਹਾਲਾਂਕਿ ਕਾਂਗਰਸੀ ਲੀਡਰ ਦੇ ਪਿਤਾ ਨੇ ਇਸ ਨੂੰ ਕਿਸੇ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ 7 ਸਾਲ ਵਿੱਚ ਕਦੇ ਰਿਵਾਲਰ ਲੋਡ ਨਹੀਂ ਕੀਤੀ ਤਾਂ ਅੱਜ ਕਿਵੇਂ ਲੋਡ ਕੀਤੀ ਹੋਵੇਗੀ। ਇਸ ਦੀ ਕਤਲ ਦੇ ਤੌਰ 'ਤੇ ਜਾਂਚ ਹੋਣੀ ਚਾਹੀਦੀ ਹੈ।
ਬਲਵੰਤ ਸ਼ੇਰਗਿਲ ਮਨਪ੍ਰੀਤ ਬਾਦਲ ਦੇ ਕਰੀਬੀ ਸਨ। ਮਨਪ੍ਰੀਤ ਦੇ ਨਾਲ ਪੀਪੀਪੀ ਵਿੱਚ ਰਹਿ ਕੇ 2012 ਵਿੱਚ ਜਲੰਧਰ ਨੌਰਥ ਸੀਟ ਤੋਂ ਚੋਣ ਵੀ ਲੜੀ ਸੀ। ਮਨਪ੍ਰੀਤ ਬਾਦਲ ਦੇ ਨਾਲ ਹੀ ਸ਼ੇਰਗਿਲ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਤੋਂ ਪਤਾ ਲਗਦਾ ਹੈ ਕਿ ਗਨ ਹਾਊਸ ਦੇ ਮਾਲਕ ਤੋਂ ਗੋਲੀ ਚੱਲੀ ਹੈ। ਪੁਲਿਸ ਨੇ ਸ਼ੇਰਗਿਲ ਦੇ ਪਿਤਾ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।