ਗੁਰਦਾਸਪੁਰ: ਇੱਥੋਂ ਦੇ ਪਿੰਡ ਪਾਹੜਾ ਦੀ ਭੂਲੇਚੱਕ ਕਲੋਨੀ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ 'ਤੇ ਚਾਰ ਜਾਣਿਆ ਨੇ ਘਰ 'ਚ ਦਾਖਲ ਹੋ ਕੇ ਫਾਇਰੰਗ ਕਰ ਦਿੱਤੀ। ਇਸ ਦੌਰਾਨ ਨੌਜਵਾਨ ਰੋਬੋਟ ਮਸੀਹ ਦੀ ਲੱਤ 'ਚ ਗੋਲੀ ਲੱਗੀ। ਹਮਲਾ ਕਰਨ ਆਏ ਨੌਜਵਾਨਾਂ 'ਚੋਂ ਇੱਕ ਪਰਿਵਾਰਕ ਮੈਂਬਰਾਂ ਦੇ ਕਾਬੂ ਆ ਗਿਆ ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਾਰਦਾਤ ਦੀ ਜਾਣਕਾਰੀ ਦਿੰਦਿਆਂ ਰੋਬੋਟ ਮਸੀਹ ਦੀ ਮਾਂ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਦਾ ਦਰਵਾਜ਼ਾ ਖੜਕਿਆ ਤਾਂ ਰੋਬਟ ਦਰਵਾਜਾ ਖੋਲ੍ਹਣ ਗਿਆ। ਰੋਬੋਟ ਦੇ ਦਰਵਾਜਾ ਖੋਲ੍ਹਦਿਆਂ ਹੀ ਗੱਡੀ 'ਚ ਸਵਾਰ 4 ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ 'ਚੋਂ ਇੱਕ ਗੋਲੀ ਰੋਬਟ ਦੀ ਲੱਤ 'ਚ ਜਾ ਲੱਗੀ।
ਉਨ੍ਹਾਂ ਦੱਸਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣ ਸਾਰੇ ਭੱਜੇ ਆਏ ਤਾਂ ਹਮਲਾ ਕਰਨ ਆਏ ਨੌਜਵਾਨਾਂ ਦੇ ਭੱਜਦਿਆਂ 'ਚੋਂ ਇੱਕ ਨੂੰ ਮੌਕੇ 'ਤੇ ਕਾਬੂ ਕਰ ਲਿਆ। ਇਸ ਵਾਰਦਾਤ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਤੀ। ਜ਼ਖਮੀ ਨੌਜਵਾਨ ਰੋਬੋਟ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰੋਬੋਟ ਦੀ ਮਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਉਹਨਾਂ ਘਰ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।