ਦੁਬਈ: ਦੁਬਈ ਦੀ ਜੇਲ੍ਹ 'ਚ ਫਾਂਸੀ ਦੀ ਸਜ਼ਾ ਮਿਲਣ ਵਾਲੇ ਸੰਦੀਪ ਸਿੰਘ ਦੀ ਨੌਂ ਸਾਲ ਬਾਅਦ ਰਿਹਾਈ ਹੋ ਗਈ ਹੈ। ਦਰਅਸਲ ਸੰਦੀਪ ਨੂੰ ਹੁਸ਼ਿਆਰਪੁਰ ਦੇ ਰਹਿਣ ਵਾਲੇ ਮਨਦੀਪ ਸਿੰਘ ਦੀ ਮੌਤ ਦੇ ਮਾਮਲੇ 'ਚ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਕਾਫੀ ਲੰਮੀ ਮੁਸ਼ੱਕਤ ਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਦੀ ਵਜ੍ਹਾ ਨਾਲ ਸੰਦੀਪ ਦੀ ਰਿਹਾਈ ਸੰਭਵ ਹੋ ਸਕੀ ਹੈ।

ਜ਼ਿਕਰਯੋਗ ਹੈ ਕਿ 2006 'ਚ ਮਨਦੀਪ ਦੇ ਕਤਲ ਮਾਮਲੇ 'ਚ ਕੋਰਟ ਨੇ ਸੰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਸੰਦੀਪ ਦੇ ਪਰਿਵਾਰ ਨੇ ਉਸ ਦੀ ਵਾਪਸੀ ਦੀ ਆਸ ਛੱਡ ਦਿੱਤੀ ਸੀ। ਜਦਕਿ ਹੁਣ ਦੁਬਈ ਦੀ ਜੇਲ੍ਹ 'ਚੋਂ ਪਰਤੇ ਸੰਦੀਪ ਨੇ ਦੱਸਿਆ ਕਿ ਉਸ ਨੇ ਮਨਦੀਪ ਦਾ ਕਤਲ ਨਹੀਂ ਕੀਤਾ ਸਗੋਂ ਉਸ ਨੂੰ ਫਸਾਇਆ ਜਾ ਰਿਹਾ ਸੀ।

ਸੰਦੀਪ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਮਨਦੀਪ ਦੇ ਕਤਲ ਕੇਸ 'ਚ ਫਾਂਸੀ ਦੀ ਸਜ਼ਾ ਹੋਈ ਜਦਕਿ ਫਿਰ ਅਪੀਲ ਪਾਉਣ 'ਤੇ ਮੁੜ ਫੈਸਲੇ 'ਚ ਉਸ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਹੋ ਗਈ ਤੇ ਬਾਅਦ 'ਚ ਐਸਐਸਪੀ ਓਬਰਾਏ ਨੇ ਮ੍ਰਿਤਕ ਮਨਦੀਪ ਦੇ ਪਰਿਵਾਰਕ ਮੈਂਬਰਾਂ ਨੂੰ ਬਲੱਡ ਮਨੀ ਦੇ ਕੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ।

ਸੰਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਸੰਦੀਪ ਨੂੰ ਦੇਖ ਕੇ ਉਨ੍ਹਾਂ 'ਚ ਮੁੜ ਜਿਊਣ ਦੀ ਇੱਛਾ ਜਾਗੀ ਹੈ ਕਿਉਂਕਿ ਉਹ ਸੰਦੀਪ ਦੇ ਵਾਪਸ ਪਰਤਣ ਦੀ ਉਮੀਦ ਛੱਡ ਚੁੱਕੇ ਸਨ।