ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਬਰਗਾੜੀ ਵਿੱਚ ਸੰਘਰਸ਼ ਕਰ ਰਹੇ ਪੰਥਕ ਲੀਡਰਾਂ ਨੂੰ ਕਾਂਗਰਸ ਦੇ ਪਿੱਠੂ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਕਿਹਾ ਕਿ ਅਖੌਤੀ ਮੋਰਚਾ ਬੇਅਦਬੀਆਂ ਪ੍ਰਤੀ ਲੋਕਾਂ ਨੂੰ ਗੁਮਰਾਹ ਕਰਨ ਲਈ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਇਹ ਮੋਰਚਾ ਕਾਂਗਰਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਆਪਣੇ ਪਿੱਠੂਆਂ ਤੋਂ ਆਪਣੀ ਹੀ ਸਰਕਾਰ ਖ਼ਿਲਾਫ਼ ਸ਼ੁਰੂ ਕਰਾਇਆ ਗਿਆ ਹੈ। ਕਾਂਗਰਸ ਨੇ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਰਾਜਸੀ ਤੇ ਆਰਥਿਕ ਹਮਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਖੌਤੀ ਮੋਰਚੇ ਰਾਹੀਂ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ।   ਅੱਜ ਇੱਥੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ, ਗੁਲਜਾਰ ਸਿੰਘ ਰਣੀਕੇ ਤੇ ਵੀਰ ਸਿੰਘ ਲੋਪੋਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਡੂੰਘੀ ਸਾਜ਼ਿਸ਼ ਤਹਿਤ ਪੰਜਾਬ ਨੂੰ ਮੁੜ ਅੱਗ ਦੀ ਭੱਠੀ 'ਚ ਝੋਕਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ 'ਚ ਅੱਜ ਵੀ ਕੋਈ ਤਬਦੀਲੀ ਨਹੀਂ ਆਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਥ ਨੂੰ ਕਮਜ਼ੋਰ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣ ਵਾਲਿਆਂ ਨੂੰ ਆੜੇ ਹੱਥੀਂ ਲੈਦਾ ਰਹੇਗਾ। ਅਕਾਲੀ ਲੀਡਰਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਨਾਕਾਮ ਰਹੀ ਹੈ। ਇਸੇ ਨਾਕਾਮੀ ਨੂੰ ਛੁਪਾਉਣ ਤੇ ਲੋਕਾਂ ਦਾ ਧਿਆਨ ਹਟਾਉਣ ਲਈ ਪੰਜਾਬ ਦੇ ਲੋਕਾਂ ਨੂੰ ਸਾਜ਼ਿਸ਼ ਤਹਿਤ ਘੇਰ ਰਹੀ ਹੈ। ਪੰਜਾਬ 'ਚ ਭਰਾ ਮਾਰੂ ਜੰਗ ਲਈ ਜ਼ਮੀਨ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਸੰਸਥਾਵਾਂ ਤੇ ਸਿਆਸੀ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਿਰੋਧੀ ਪਾਰਟੀਆਂ ਨੇ ਸੋੜੀ ਰਾਜਸੀ ਸਵਾਰਥ ਲਈ ਬੜੀ ਡੂੰਘੀ ਸਾਜ਼ਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਕਰਵਾਈਆਂ ਸਨ। ਅੱਜ ਉਸੇ ਦੀ ਆੜ 'ਚ ਕਾਂਗਰਸ ਦੇ ਹੱਥਾਂ 'ਚ ਖੇਡਦੇ ਹੋਏ ਪੰਥ ਤੋਂ ਨਕਾਰੇ ਹੋਏ ਮੁੱਠੀ ਭਰ ਲੋਕ ਸਿੱਖੀ ਭੇਸ 'ਚ ਅਖੌਤੀ ਮੋਰਚਾ ਲਾਈ ਬੈਠੇ ਹਨ। ਇਹ ਸੌੜੀ ਮਕਸਦ ਅਧੀਨ ਕਾਂਗਰਸ ਨੂੰ ਲਾਭ ਪਹੁੰਚਾਉਣ ਲਈ ਸਿੱਖ ਕੌਮ 'ਚ ਦੁਬਿਧਾ ਖੜ੍ਹੀ ਕਰਦਿਆਂ ਤੇ ਭਰਾ ਮਾਰੂ ਜੰਗ ਰਾਹੀਂ ਪੰਜਾਬ ਨੂੰ ਫਿਰ ਤੋਂ ਲਾਂਬੂ ਲਾਉਣ ਦੀ ਤਾਕ 'ਚ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲੋਕਾਂ ਨੂੰ ਉਕਸਾ ਕੇ ਬੇਰੁਜ਼ਗਾਰੀ, ਕਿਸਾਨ ਹੱਤਿਆਵਾਂ, ਕਿਸਾਨੀ ਕਰਜ਼ਿਆਂ ਨੂੰ ਮੁਆਫ਼ ਕਰਨ ਤੇ ਨਸ਼ਿਆਂ ਦੇ ਪਸਾਰੇ ਨੂੰ ਰੋਕਣ 'ਚ ਬੁਰੀ ਤਰਾਂ ਫ਼ੇਲ੍ਹ ਹੋਣ 'ਤੇ ਪਰਦਾਪੋਸ਼ੀ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮੋਰਚਾ ਹੈ ਜਿਸ 'ਚ ਸਰਕਾਰੀਤੰਤਰ ਦਾ ਖੁੱਲ੍ਹ-ਮ-ਖੁਲਾ ਇਸਤੇਮਾਲ ਹੋ ਰਿਹਾ ਹੈ। ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਤੇ ਵਿਦੇਸ਼ੀ ਫੰਡਿੰਗ ਦਾ ਮਾਮਲਾ ਸਾਹਮਣੇ ਆਉਣ ਨਾਲ ਇਹ ਸਪਸ਼ਟ ਹੋਗਿਆ ਹੈ ਕਿ ਉਕਤ ਅਖੌਤੀ ਮੋਰਚੇ ਦੇ ਆਗੂ ਅਖੌਤੀ ਜਥੇਦਾਰਾਂ ਵੱਲੋਂ ਵਿਦੇਸ਼ ਦੀਆਂ ਸੰਗਤਾਂ ਨੂੰ ਗੁਮਰਾਹ ਕਰਦਿਆਂ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ। ਇਸ ਪ੍ਰਤੀ ਰਿਪੋਰਟ ਨਸ਼ਰ ਹੋਣ 'ਤੇ ਸਰਕਾਰ ਆਪਣੀਆਂ ਏਜੰਸੀਆਂ ਦੀ ਰਿਪੋਰਟ ਦਬਾਉਣ 'ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਾਂਗਰਸ ਆਪਣੇ ਪਿੱਠੂਆਂ ਰਾਹੀਂ ਅਖੌਤੀ ਮੋਰਚੇ ਲਾ ਕੇ ਸਿੱਖਾਂ ਕੌਮ ਨੂੰ ਗੁਮਰਾਹ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ ਕਿ ਅਖੌਤੀ ਮੋਰਚੇ ਦੇ ਆਗੂ ਉਹੀ ਲੋਕ ਹਨ ਜਿਨ੍ਹਾਂ ਦੋ ਢਾਈ ਸਾਲ ਪਹਿਲਾਂ ਚੱਬੇ 'ਚ ਕਾਂਗਰਸ ਦੀ ਹਮਾਇਤ ਨਾਲ ਅਖੌਤੀ ਪੰਥਕ ਇਕੱਠ ਕਰਦਿਆਂ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ।