ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਸਿੱਧਾ ਕੇਂਦਰ ਦੀ ਮੋਦੀ ਸਰਕਾਰ ਤੱਕ ਪਹੁੰਚਾਉਣ ਲਈ ਕਿਸਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਚੁੱਕੇ ਹਨ। ਕਿਸਾਨ ਅੰਦੋਲਨ ਪਿਛਲੇ ਦੋ ਮਹੀਨੇ ਤੋਂ ਜਾਰੀ ਹੈ। ਇਸੇ ਅੰਦੋਲਨ ਨੂੰ ਦਿੱਲੀ ਤੱਕ ਲੈ ਕੇ ਜਾਣ ਲਈ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਘੇਰਨ ਦੀ ਯੋਜਨਾ ਬਣਾਈ ਹੈ। ਇਸ ਲਈ ਹੁਣ ਕਿਸਾਨ ਰਵਾਨਾ ਵੀ ਹੋ ਚੁੱਕੇ ਹਨ।
ਉਧਰ, ਹਰਿਆਣਾ ਨੇ ਬਾਰਡਰ ਸੀਲ ਕਰਨੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਹਰਿਆਣਾ ਸਰਕਾਰ ਕੋਸ਼ਿਸ਼ਾਂ ਵਿੱਚ ਲੱਗ ਗਈ ਹੈ। ਕਿਸਾਨ ਆਗੂਆਂ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਦਿੱਲੀ ਜਾ ਕੇ ਹੀ ਸਾਹ ਲੈਣਗੇ। ਜੇਕਰ ਰਸਤੇ ਵਿੱਚ ਉਨ੍ਹਾਂ ਨਾਲ ਮੱਥਾ ਲਾਇਆ ਗਿਆ ਤਾਂ ਉਥੇ ਹੀ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰ ਦਿੱਤਾ ਜਾਏਗਾ। ਹਰਿਆਣਾ ਪੁਲਿਸ ਨੇ ਡੱਬਵਾਲੀ ਬਾਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ 3 ਜ਼ੋਨਾਂ ਵਿੱਚ ਵੰਢ ਸ਼ੰਭੂ ਬਾਡਰ, ਡੱਬਵਾਲੀ ਤੇ ਖਨੌਰੀ ਦੇ ਰਸਤੇ ਹਰਿਆਣਾ ਵਿੱਚ ਦਾਖਲ ਹੋ ਦਿੱਲੀ ਪਹੁੰਚਣ ਦੀ ਤਿਆਰੀ ਹੋ ਗਈ ਹੈ। ਪੰਜਾਬ ਦੇ 5 ਜ਼ਿਲ੍ਹੇ ਲੁਧਿਆਣਾ, ਮਾਨਸਾ, ਬਰਨਾਲਾ, ਪਟਿਆਲਾ ਤੇ ਸੰਗਰੂਰ ਦੇ ਕਿਸਾਨ ਸੰਗਰੂਰ ਦੇ ਖਨੌਰੀ ਸ਼ਹਿਰ ਦੇ ਰਸਤੇ ਦਿੱਲੀ ਜਾਣਗੇ। ਉਧਰ ਬਠਿੰਡਾ, ਮੋਗਾ, ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਨਾਭਾ ਤੋਂ ਕਿਸਾਨਾਂ ਦੇ ਕਾਫਿਲੇ ਸ਼ੰਭੂ ਬਾਡਰ ਤੇ ਸਰਦੂਲਗੜ੍ਹ ਤੋਂ ਹੋ ਕੇ ਦਿੱਲੀ ਵੱਲ ਕੂਚ ਕਰਨਗੇ।
ਅੱਠ ਜ਼ਿਲ੍ਹਿਆਂ ਦੇ ਕਿਸਾਨ ਅੱਜ ਬਠਿੰਡਾ ਤੇ ਤਲਵੰਡੀ ਤੋਂ ਹੁੰਦੇ ਹੋਏ ਦਿੱਲੀ ਦੇ ਘੇਰਾਓ ਲਈ ਰਵਾਨਾ ਹੋਣਗੇ। ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਨਾਭਾ ਤੋਂ ਹਜ਼ਾਰਾ ਟਰੈਕਟਰ ਟਰਾਲੀਆਂ ਤੇ ਕਿਸਾਨਾਂ ਦੇ ਕਾਫਲੇ ਦੁਪਹਿਰ 2 ਵਦੇ ਤੋਂ ਬਠਿੰਡਾ ਆਉਣੇ ਸ਼ੁਰੂ ਹੋਣਗੇ ਜਿੱਥੋਂ ਇਹ ਕਾਫਿਲੇ ਤਲਵੰਡੀ ਸਾਬੋ ਪਹੁੰਚਕੇ ਰਾਤ ਰੁਕਣਗੇ ਤੇ 26 ਨਵੰਬਰ ਦੇ ਸਵੇਰ 10 ਵਜੇ ਡੱਬਵਾਲੀ ਦੇ ਵੱਲ ਜਾਣਗੇ। ਬਠਿੰਡਾ ਦੀਆਂ ਕੁੱਝ ਮੁੱਖ ਸੜਕਾਂ ਤੇ ਅੱਜ ਬਾਅਦ ਦੁਪਹਿਰ ਤੋਂ ਲੈ ਕੇ ਰਾਤ ਤੱਕ ਜਾਮ ਲੱਗ ਸਕਦਾ ਹੈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਬਠਿੰਡਾ ਤੋਂ ਹਜ਼ਾਰਾਂ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਦਾ ਪਹਿਲਾ ਕਾਫਲਾ ਮੰਗਲਵਾਰ ਨੂੰ ਦਿੱਲੀ ਲਈ ਰਵਾਨਾ ਹੋਇਆ। ਸ਼ਾਮ ਨੂੰ ਕਾਫਲਾ ਮੌਦਲਾਂ ਤੋਂ ਹੁੰਦਾ ਹੋਇਆ ਮਹਲਕਲਾਂ ਪਹੁੰਚੇਗਾ ਤੇ ਰਾਤ ਰੁਕੇਗਾ ਫਿਰ ਕਾਫਲਾ ਸਵੇਰੇ ਦਿੱਲੀ ਲਈ ਰਵਾਨਾ ਹੋਵੇਗਾ।
ਸਾਵਧਾਨ! ਕਿਸਾਨਾਂ ਵੱਲੋਂ ਦਿੱਲੀ 'ਤੇ ਚੜ੍ਹਾਈ, 2 ਵਜੇ ਮਗਰੋਂ ਮੁੱਖ ਮਾਰਗਾਂ 'ਤੇ ਲੱਗ ਸਕਦਾ ਜਾਮ
ਰੌਬਟ
Updated at:
25 Nov 2020 12:21 PM (IST)
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਸਿੱਧਾ ਕੇਂਦਰ ਦੀ ਮੋਦੀ ਸਰਕਾਰ ਤੱਕ ਪਹੁੰਚਾਉਣ ਲਈ ਕਿਸਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਚੁੱਕੇ ਹਨ।
- - - - - - - - - Advertisement - - - - - - - - -