ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਇੱਕ ਆਦੇਸ਼ ਨੇ ਪੂਰੇ ਪੁਲਿਸ ਵਿਭਾਗ 'ਚ ਹੱਲਚਲ ਪੈਦਾ ਕਰ ਦਿੱਤੀ ਹੈ। ਇਸ ਆਦੇਸ਼ ਨੇ ਪੁਲਿਸ ਮੁਲਾਜ਼ਮਾਂ ਨੂੰ ਭਾਜੜ ਪਾ ਦਿੱਤੀ ਹੈ। ਮੁਲਾਜ਼ਮ ਤਾਂ ਹੁਣ ਵੱਖ-ਵੱਖ ਤਰ੍ਹਾਂ ਦੇ ਬਹਾਨੇ ਲੈ ਕਿ ਪੁਲਿਸ ਹੈੱਡਕੁਆਟਰ ਵੀ ਪਹੁੰਚ ਰਹੇ ਹਨ। ਦਰਅਸਲ, ਦਿਨਕਰ ਗੁਪਤਾ ਨੇ ਆਦੇਸ਼ ਕੀਤਾ ਹੈ ਕਿ ਇੱਕ ਹੀ ਜਗ੍ਹਾ ਤੇ 15 ਸਾਲ ਤੱਕ ਨੌਕਰੀ ਕਰ ਰਹੇ ਹੌਲਦਾਰ ਤੋਂ ਲੈ ਕੇ ਥਾਣੇਦਾਰ ਤੱਕ ਨੂੰ ਹੁਣ ਜ਼ਿਲ੍ਹਾ ਛੱਡਣਾ ਹੋਏਗਾ।
ਇੰਨਾ ਹੀ ਨਹੀਂ ਜੇ ਕਿਸੇ ਨੇ ਇੱਕੋ ਰੇਂਜ ਵਿੱਚ 20 ਸਾਲ ਤੱਕ ਆਪਣੀ ਸੇਵਾ ਨਿਭਾਈ ਹੈ ਤਾਂ ਉਸ ਦੀ ਰੇਂਜ ਵੀ ਬਦਲੀ ਜਾਏਗੀ। 2007 ਦੇ ਪੁਲਿਸ ਐਕਟ ਵਿੱਚ ਵਿਵਸਥਾ ਹੈ ਪਰ 13 ਸਾਲ ਤੱਕ ਵੋਟ ਬੈਂਕ ਤੇ ਰਾਜਨੀਤੀ ਦੇ ਚੱਕਰ 'ਚ ਇਹ ਮਾਮਲਾ ਦੱਬਿਆ ਰਿਹਾ।
ਇੱਕੋ ਥਾਂ ਪੋਸਟਿੰਗ ਦੇ ਕਾਰਨ ਹਰ ਪਾਸੇ ਪੁਲਿਸ ਦੇ ਮਾਫੀਆ ਨਾਲ ਸੈਟਿੰਗ ਦੇ ਮਾਮਲੇ ਸਾਹਮਣੇ ਆ ਰਹੇ ਸੀ। ਇੰਨਾ ਹੀ ਨਹੀਂ ਵੱਡੇ-ਵੱਡੇ ਗੈਂਗਸਟਰਾਂ ਦੇ ਤਾਰ ਵੀ ਪੁਲਿਸ ਨਾਲ ਜੁੜੇ ਮਿਲੇ ਹਨ। ਡੀਜੀਪੀ ਦੇ ਇਸ ਆਦੇਸ਼ ਮਗਰੋਂ ਲਿਸਟ ਤਿਆਰ ਹੋਣੀ ਸ਼ੁਰੂ ਹੋ ਗਈ ਹੈ ਪਰ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਕਈ ਬਹਾਨੇ ਲੈ ਕੇ ਹੈੱਡ ਕੁਆਟਰ ਪਹੁੰਚ ਰਹੇ ਹਨ। ਕਈ ਮੁਲਾਜ਼ਮ ਇਹ ਕਹਿ ਰਹੇ ਹਨ ਕਿ ਕੋਰੋਨਾ ਕਾਲ ਵਿੱਚ ਫੈਮਲੀ ਨੂੰ ਨਵੀਂ ਜਗ੍ਹਾਂ ਲੈ ਕੇ ਜਾਣਾ ਜੋਖਮ ਭਰਿਆ ਹੋ ਸਕਦਾ ਹੈ।
ਸਾਲ 2010 ਤੋਂ ਬਾਅਦ ਰਾਜ ਵਿੱਚ ਪੁਲਿਸ ਵਿੱਚ ਭਰਤੀ ਕੀਤੇ 400 ਦੇ ਕਰੀਬ ਸਬ-ਇੰਸਪੈਕਟਰਾਂ ਨੂੰ ਆਪਣਾ ਘਰ ਛੱਡਣਾ ਪਏਗਾ ਕਿਉਂਕਿ ਪੁਲਿਸ ਐਕਟ ਅਨੁਸਾਰ, ਐਸਆਈ ਆਪਣੇ ਗ੍ਰਹਿ ਕਸਬੇ ਵਿੱਚ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਦਾ। ਇਸ ਰੈਂਕ ਦੇ ਅਧਿਕਾਰੀਆਂ ਨੇ ਆਪਣੇ ਗ੍ਰਹਿ ਕਸਬੇ ਵਿੱਚ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ (ਵਿਆਹ) ਦੀ ਸ਼ੁਰੂਆਤ ਵੀ ਕੀਤੀ ਹੈ ਤੇ ਘਰ ਵੀ ਬਣਾਏ ਹਨ।ਜਲੰਧਰ ਰੇਂਜ ਤੇ ਕਮਿਸ਼ਨਰੇਟ ਵਿੱਚ 24 ਐਸਆਈ ਹਨ ਜਿਨ੍ਹਾਂ ਨੂੰ ਆਪਣਾ ਘਰ ਛੱਡਣਾ ਪਏਗਾ।