ਬਰਗਾੜੀ ਬੇਅਦਬੀ: ਬਿੱਟੂ ਸਣੇ 3 ਡੇਰਾ ਪ੍ਰੇਮੀਆਂ ਖ਼ਿਲਾਫ਼ ਜਾਂਚ ਬੰਦ ਕਰਨ ਲਈ CBI ਨੇ ਦਿੱਤੀ ਅਰਜ਼ੀ
ਏਬੀਪੀ ਸਾਂਝਾ | 13 Jul 2019 11:20 AM (IST)
ਸੀਬੀਆਈ ਦੇ ਵਧੀਕ ਐਸਪੀ ਪੀ.ਵੀ. ਚੱਕਰਵਰਤੀ ਨੇ ਬਿੱਟੂ, ਸੁਖਜਿੰਦਰ ਸਿੰਘ ਸੰਨੀ ਕੰਡਾ ਤੇ ਸ਼ਕਤੀ ਸਿੰਘ ਖ਼ਿਲਾਫ਼ ਸਬੂਤਾਂ ਦੀ ਘਾਟ ਹੋਣ ਕਾਰਨ ਜਾਂਚ ਅੱਗੇ ਵੱਧਣ ਤੋਂ ਅਸਮਰੱਥਤਾ ਪ੍ਰਗਟਾਈ ਹੈ। ਸੰਨੀ ਤੇ ਸ਼ਕਤੀ ਲੰਮੇ ਸਮੇਂ ਤੋਂ ਜ਼ਮਾਨਤ 'ਤੇ ਹਨ ਜਦਕਿ ਬਿੱਟੂ ਦਾ 22 ਜੂਨ ਨੂੰ ਨਾਭਾ ਜੇਲ੍ਹ 'ਚ ਕਤਲ ਹੋ ਗਿਆ ਸੀ।
ਚੰਡੀਗੜ੍ਹ: ਨਾਭਾ ਜੇਲ੍ਹ ਵਿੱਚ ਮਾਰੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਸਣੇ ਤਿੰਨ ਮੁਲਜ਼ਮਾਂ ਖ਼ਿਲਾਫ਼ CBI ਜਾਂਚ ਬੰਦ ਹੋਵੇਗੀ। ਮਾਮਲੇ ਦੀ ਪੜਤਾਲ ਕਰ ਰਹੀ ਕੇਂਦਰੀ ਜਾਂਚ ਬਿਊਰੋ ਨੇ ਮੁਹਾਲੀ ਅਦਾਲਤ ਵਿੱਚ ਜਾਂਚ ਵਿੱਚ ਕੁਝ ਨਾ ਨਿੱਕਲਣ ਦਾ ਤਰਕ ਦੇ ਕੇ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਹੈ। ਅਦਾਲਤ ਨੇ ਆਉਂਦੀ 23 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਰੱਖੀ ਹੈ। ਸੀਬੀਆਈ ਦੇ ਵਧੀਕ ਐਸਪੀ ਪੀ.ਵੀ. ਚੱਕਰਵਰਤੀ ਨੇ ਬਿੱਟੂ, ਸੁਖਜਿੰਦਰ ਸਿੰਘ ਸੰਨੀ ਕੰਡਾ ਤੇ ਸ਼ਕਤੀ ਸਿੰਘ ਖ਼ਿਲਾਫ਼ ਸਬੂਤਾਂ ਦੀ ਘਾਟ ਹੋਣ ਕਾਰਨ ਜਾਂਚ ਅੱਗੇ ਵੱਧਣ ਤੋਂ ਅਸਮਰੱਥਤਾ ਪ੍ਰਗਟਾਈ ਹੈ। ਸੰਨੀ ਤੇ ਸ਼ਕਤੀ ਲੰਮੇ ਸਮੇਂ ਤੋਂ ਜ਼ਮਾਨਤ 'ਤੇ ਹਨ ਜਦਕਿ ਬਿੱਟੂ ਦਾ 22 ਜੂਨ ਨੂੰ ਨਾਭਾ ਜੇਲ੍ਹ 'ਚ ਕਤਲ ਹੋ ਗਿਆ ਸੀ। ਐਸਪੀ ਨੇ ਅਦਾਲਤ ਨੂੰ ਦੱਸਿਆ ਕਿ ਤਿੰਨਾਂ ਦੇ ਬ੍ਰੇਨ ਮੈਪਿੰਗ ਤੇ ਲਾਈ ਡਿਟੈਕਟਰ ਟੈਸਟ (ਝੂਠ ਫੜਨ ਵਾਲੇ ਟੈਸਟ) ਵੀ ਕਰਵਾਏ ਗਏ ਸਨ ਪਰ ਕੁਝ ਨਹੀਂ ਮਿਲਿਆ। ਸੀਬੀਆਈ ਤੈਅ ਸਮੇਂ ਦੌਰਾਨ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਸੀ ਕਰ ਸਕੀ, ਇਸ ਲਈ ਅਦਾਲਤ ਨੇ ਸਾਰਿਆਂ ਨੂੰ ਜ਼ਮਾਨਤ ਦੇ ਦਿੱਤੀ ਸੀ। ਪਰ ਮਹਿੰਦਰਪਾਲ ਬਿੱਟੂ ਕੋਟਕਪੂਰਾ ਵਿੱਚ ਦਰਜ ਇੱਕ ਹੋਰ ਮਾਮਲੇ ਵਿੱਚ ਵੀ ਨਾਮਜ਼ਦ ਹੋਣ ਕਰਕੇ ਨਾਭਾ ਜੇਲ੍ਹ ਵਿੱਚ ਬੰਦ ਸੀ। ਇਸ ਮਾਮਲੇ ਦੀ ਜਾਂਚ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਐਸਆਈਟੀ ਕਰ ਰਹੀ ਹੈ।