ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਕਥਿਤ ਤੌਰ 'ਤੇ ਘਿਰੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਿੱਲੀ ਦੇ ਕੜਕੜਡੂਮਾ ਕੋਰਟ ਵਿੱਚ ਸੀ.ਬੀ.ਆਈ. ਵੱਲੋਂ ਸਟੇਟਸ ਰਿਪੋਰਟ ਦਾਖਲ ਨਹੀਂ ਕੀਤੀ ਗਈ। ਸੀਬੀਆਈ ਨੇ ਅਦਾਲਤ ਤੋਂ ਰਿਪੋਰਟ ਦਾਖਲ ਕਰਨ ਲਈ ਦੋ ਮਹੀਨੇ ਦਾ ਹੋਰ ਸਮਾਂ ਮੰਗਿਆ ਹੈ। ਸੀ.ਬੀ.ਆਈ. ਵੱਲੋਂ ਇੰਟਰਪੋਲ ਦਾ ਹਵਾਲਾ ਦੇ ਕੇ ਜਾਂਚ ਲਈ ਹੋਰ ਸਮਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਅਦਾਲਤ ਨੇ ਅਗਲੀ ਸੁਣਵਾਈ 14 ਸਤੰਬਰ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਸੀਬੀਆਈ ਦੀ ਇਸ ਦਲੀਲ ਉੱਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ।
ਸੀ.ਬੀ.ਆਈ. ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਦਾਸ਼ਤ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਇਸ ਸਬੰਧੀ ਗ੍ਰਹਿ ਮੰਤਰਾਲੇ ਦੀ ਐਸ.ਆਈ.ਟੀ. ਤੋਂ ਸੇਧ ਲੈਣ ਦੀ ਗੱਲ ਆਖੀ ਹੈ। ਮਨਜੀਤ ਸਿੰਘ ਜੀ.ਕੇ. ਨੇ ਨੇ ਐਸ.ਆਈ.ਟੀ. ਦੀ ਕਾਰਗੁਜ਼ਾਰੀ ਨੂੰ ਚੰਗਾ ਦੱਸਦੇ ਹੋਏ ਸੀ.ਬੀ.ਆਈ. ਦੀ ਕਾਰਜ ਪ੍ਰਣਾਲੀ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕੜਕੜਡੂਮਾ ਕੋਰਟ ਵਿੱਚ ਸੀ.ਬੀ.ਆਈ. ਵੱਲੋਂ ਪੂਰੀ ਜਾਂਚ ਰਿਪੋਰਟ ਦਾਖਲ ਨਾ ਕਰਨ ਨੂੰ ਮੰਦਭਾਗਾ ਦੱਸਿਆ। ਜੀਕੇ ਅਨੁਸਾਰ ਸਿੱਖ ਕਦੇ ਵੀ ਸੀ.ਬੀ.ਆਈ. ਅਧਿਕਾਰੀਆਂ ਦੇ ਲਾਪਰਵਾਹੀ ਭਰੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਨਗੇ। ਮਨਜੀਤ ਸਿੰਘ ਜੀ ਕੇ ਨੇ ਆਖਿਆ ਕਿ ਟਾਈਟਲਰ ਦੇ ਖ਼ਿਲਾਫ਼ ਕੈਨੇਡਾ ਤੋਂ ਸਬੂਤ ਲਿਆਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਕੈਨੇਡਾ ਜਾਂਚ ਟੀਮ ਭੇਜਣ ਦੀ ਵੀ ਪੇਸ਼ਕਸ਼ ਵੀ ਅਦਾਲਤ ਵਿੱਚ ਕੀਤੀ ਗਈ ਹੈ। ਜੀਕੇ ਨੇ ਐਲਾਨ ਕੀਤਾ ਕਿ ਉਹ ਛੇਤੀ ਹੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਇਸ ਮੁੱਦੇ ਉੱਤੇ ਮੁਲਾਕਾਤ ਕਰਨਗੇ।