ਫਰੀਦਕੋਟ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਅੱਗੇ ਨੰਬਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਸੋਈ) ਦੇ ਆਗੂਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸੋਈ ਨੇ ਪਲੰਬਰਾਂ ਦੇ ਸਿਰ ਵੀ ਆਪਣੀ ਪੱਟੀ ਬੰਨ੍ਹ ਕੇ ਬਾਦਲ ਸਾਹਮਣੇ ਪੇਸ਼ ਕਰ ਦਿੱਤਾ।


 

 

ਦਰਅਸਲ ਸੋਈ ਦੇ ਆਗੂ ਵੀ ਇਨ੍ਹੀਂ ਦਿਨੀਂ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਇਹ ਮੁਹਿੰਮ ਕੁਝ ਕੁ ਲੋਕਾਂ ਤੱਕ ਹੀ ਸੀਮਤ ਰਹਿ ਗਈ ਹੈ। ਆਮ ਲੋਕਾਂ ਦੇ ਸਿਰ 'ਤੇ ਮੁੱਖ ਮੰਤਰੀ ਨੂੰ ਸੰਗਤ ਦਰਸ਼ਨ ਦੌਰਾਨ ਦਿਖਾਉਣ ਲਈ ਸੋਈ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਪਰ ਨੌਜਵਾਨਾਂ ਨੂੰ ਸੋਈ ਦਾ ਮਤਲਬ ਤੱਕ ਨਹੀਂ ਪਤਾ।

 

 

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸੰਗਤ ਦਰਸ਼ਨ ਦੌਰਾਨ ਪਿੰਡ ਆਲਮਵਾਲਾ ਵਿਖੇ ਪਹੁੰਚੇ। ਪਿੰਡ ਵਿੱਚ ਸੋਈ ਦੇ ਸਰਗਰਮ ਆਗੂਆਂ ਨੇ ਮੁੱਖ ਮੰਤਰੀ ਅੱਗੇ ਮਹਿਜ਼ ਨੰਬਰ ਬਣਾਉਣ ਦੀ ਖੇਡ ਦੇ ਚੱਲਦਿਆਂ ਪਿੰਡ ਦੇ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਸਿਰ 'ਤੇ ਸੋਈ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ। ਜਦ ਸਿਰ 'ਤੇ ਪੱਟੀ ਬੰਨ੍ਹੀਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਸੋਈ ਦਾ ਮਤਲਬ ਤੱਕ ਨਹੀਂ ਦੱਸ ਸਕੇ।

 

 

ਪੱਟੀਆਂ ਬੰਨ੍ਹੀਂ ਨੌਜਵਾਨ ਸਿਰਫ ਇਹੀ ਕਹਿੰਦੇ ਰਹੇ ਕਿ ਉਨ੍ਹਾਂ ਕਿਸੇ ਦੇ ਕਹਿਣ 'ਤੇ ਪੱਟੀ ਬੰਨ੍ਹ ਲਈ ਜਦਕਿ ਜਥੇਬੰਦੀ ਨਾਲ ਉਨ੍ਹਾਂ ਦਾ ਦੂਰ ਦਾ ਵਾਹ ਵਾਸਤਾ ਹੀ ਨਹੀਂ। ਉਹ ਵਿਦਿਆਰਥੀ ਵੀ ਨਹੀਂ ਹਨ ਬੱਸ ਆਗੂਆਂ ਦੇ ਕਹਿਣ 'ਤੇ ਮਹਿਜ਼ ਸਿਰ ਤੇ ਬਾਹਾਂ 'ਤੇ ਪੱਟੀਆਂ ਬੰਨ੍ਹ ਦਿੱਤੀਆਂ। ਇੱਕ ਨੌਜਵਾਨ ਨੇ ਕਿਹਾ ਕਿ ਉਹ ਪਲੰਬਰ ਦਾ ਕੰਮ ਕਰਦਾ ਹੈ, ਵਿਦਿਆਰਥੀ ਨਹੀਂ। ਆਗੂਆਂ ਦੇ ਕਹਿਣ 'ਤੇ ਸਿਰ 'ਤੇ ਪੱਟੀ ਬੰਨ੍ਹ ਲਈ ਮੈਨੂੰ ਸੋਈ ਦਾ ਮਤਲਬ ਤੱਕ ਨਹੀਂ ਪਤਾ।