ਹੁਸ਼ਿਆਰਪੁਰ: ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਚਰਚਾ ਵਿੱਚ ਆ ਗਏ ਹਨ। ਇਸ ਵਾਰ ਸ਼ਰਾਬ ਨਹੀਂ ਆਪਣੇ ਹੀ ਵਿਭਾਗ ਦੀ ਨਾਲਾਇਕੀ 'ਤੇ ਉਨ੍ਹਾਂ ਕਿਹਾ, "ਇਹ ਭਾਰਤ ਹੈ, ਇੱਥੇ ਪੈਸੇ ਦੇ ਕੇ ਬੰਦਾ ਮਰਵਾ ਲਵੋ ਤੁਸੀਂ ਤਾਂ ਜਨਮ ਸਰਟੀਫਿਕੇਟ ਬਣਵਾਉਣ ਦੀ ਗੱਲ ਕਰਦੇ ਹੋ।" ਇਸ ਬਿਆਨ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਜਿਆਣੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤਾਂ ਜਿਆਣੀ ਨੂੰ ਉੱਥੋ ਭੱਜਣ ਤੋਂ ਬਿਨਾਂ ਕੋਈ ਰਾਹ ਨਾਲ ਲੱਭਿਆ।


ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਸਿਹਤ ਵਿਭਾਗ ਦੀਆਂ ਉਪਲਬਧੀਆਂ ਗਿਣਵਾਉਣ ਲਈ ਹੁਸ਼ਿਆਰਪੁਰ ਵਿੱਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਪਰ ਇਸ ਦੌਰਾਨ ਸਿਹਤ ਮੰਤਰੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਹੁਸ਼ਿਆਰਪੁਰ ਤੋਂ ਲੈ ਕੇ ਪੂਰੇ ਪੰਜਾਬ ਵਿੱਚ ਹੀ ਜਨਮ ਸਰਟੀਫਿਕੇਟ ਦੇ ਨਾਂ 'ਤੇ ਹਜ਼ਾਰਾਂ ਰੁਪਏ ਲਏ ਜਾ ਰਹੇ ਹਨ।

 

ਸਿਵਲ ਸਰਜਨ ਦੇ ਦਫਤਰਾਂ ਵਿੱਚ ਏਜੰਟਾਂ ਦਾ ਪੂਰਾ ਜਾਲ ਫੈਲਿਆ ਹੋਇਆ ਹੈ। ਇਸ 'ਤੇ ਸਿਹਤ ਮੰਤਰੀ ਨੇ ਜੋ ਬਿਆਨ ਦਿੱਤਾ, ਉਹ ਹੈਰਾਨ ਕਰ ਦੇਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਹ ਭਾਰਤ ਹੈ। ਇੱਥੇ ਪੈਸੇ ਦੇ ਕੇ ਬੰਦਾ ਮਰਵਾ ਲਵੋ। ਇਸ ਤੋਂ ਬਿਨਾਂ ਮੰਤਰੀ ਨੇ ਕੋਈ ਕਾਰਵਾਈ ਨਾ ਕੀਤਾ ਤੇ ਉੱਥੋਂ ਚਲਦੇ ਬਣੇ। ਇਸ ਦੇ ਨਾਲ ਹੀ ਸਿਹਤ ਮੰਤਰੀ ਤੋਂ ਜਦੋਂ ਡਾਕਟਰ ਨਵਜੋਤ ਕੌਰ ਸਿੱਧੂ ਦੇ ਨੀਲੀ ਬੱਤੀ ਵਾਲੀਆਂ ਗੱਡੀਆਂ ਵਿੱਚ ਨਸ਼ਾ ਤਸਕਰੀ ਬਾਰੇ ਬਿਆਨ ਦਿੱਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਵਜੋਤ ਕੌਰ ਜੋ ਵੀ ਕਹਿ ਦਵੇ ਉਹ ਸੱਚ ਨਹੀਂ ਹੈ। ਬੇਸ਼ਕ ਉਹ ਉਨ੍ਹਾਂ ਦੇ ਨਾਲ ਹੈ ਪਰ ਉਹ ਗਲਤ ਹੈ।