ਚੰਡੀਗੜ੍ਹ: ਅਬੋਹਰ ਦੀਆਂ ਦੋ ਸੱਕੀਆਂ ਭੈਣਾਂ ਦੇ ਚੰਡੀਗੜ੍ਹ ਵਿੱਚ ਹੋਏ ਕਤਲ ਕੇਸ ਦਾ ਮੁਲਜ਼ਮ ਕਾਬੂ ਆ ਗਿਆ ਹੈ। ਪੁਲਿਸ ਨੇ ਜ਼ੀਰਕਪੁਰ ਵਾਸੀ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਦਾਅਵਾ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਕੀਤੀ ਹੈ।


ਯਾਦ ਰਹੇ ਵੀਰਵਾਰ ਨੂੰ ਅਬੋਹਰ ਦੀਆਂ ਦੋ ਸੱਕੀਆਂ ਭੈਣਾਂ ਰਜਵੰਤ ਕੌਰ ਤੇ ਮਨਪ੍ਰੀਤ ਕੌਰ ਦਾ ਕਤਲ ਹੋਇਆ ਸੀ। ਦੋਵੇਂ ਭੈਣਾਂ ਚੰਡੀਗੜ੍ਹ ਦੇ ਸੈਕਟਰ 22 ‘ਚ ਰਹਿੰਦੀਆਂ ਸੀ। ਹਾਸਲ ਜਾਣਕਾਰੀ ਮੁਤਾਬਕ ਦੋਵੇਂ ਭੈਣਾਂ ਜ਼ੀਰਕਪੁਰ ਦੀ ਕਿਸੇ ਕੰਪਨੀ ‘ਚ ਕੰਮ ਕਰਦੀਆਂ ਸੀ। ਇਸ ਕਤਲ ਦੇ ਮੁਜ਼ਲਮ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਸੀ। ਇਨ੍ਹਾਂ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕੀਤੀ ਸੀ।

ਇਸ ਕਤਲ ਕੇਸ ‘ਚ ਪੁਲਿਸ ਨੂੰ ਸ਼ੁੱਕਰਵਾਰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਉਨ੍ਹਾਂ ਨੇ ਮੁਲਜ਼ਮ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਕੁਲਦੀਪ ਸਿੰਘ ਦੀਆਂ ਤਸਵੀਰਾਂ ਸੀਸੀਟੀਵੀ ‘ਚ ਸਾਹਮਣੇ ਆਉਣ ਤੋਂ ਬਾਅਦ ਹੀ ਉਹ ਪੁਲਿਸ ਦੇ ਸ਼ੱਕ ਦੇ ਘੇਰੇ ‘ਚ ਆਇਆ ਸੀ।

ਕੁਲਦੀਪ ਸਿੰਘ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਜਿਸ ਦੇ ਪਿਤਾ ਸਬ ਇੰਸਪੈਕਟਰ ਹਨ। ਕਤਲ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣਾ ਫੋਨ ਵੀ ਬੰਦ ਕੀਤਾ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੁਲਦੀਪ ਇਨ੍ਹਾਂ ਭੈਣਾਂ ਨੂੰ ਪਿਛਲ਼ੇ ਪੰਜ ਸਾਲਾਂ ਤੋਂ ਜਾਣਦਾ ਸੀ। ਪੁਲਿਸ ਮੁਤਾਬਕ ਦੋਵਾਂ ਭੈਣਾਂ ‘ਤੇ ਕਈ ਵਾਰ ਹਮਲਾ ਕੀਤਾ ਗਿਆ ਸੀ।