ਇਮਰਾਨ ਖ਼ਾਨ ਜਲੰਧਰ: ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਚਰਨਜੀਤ ਸਿੰਘ ਅਟਵਾਲ ਜਲੰਧਰ ਸੀਟ ਤੋਂ ਅਕਾਲੀ ਉਮੀਦਵਾਰ ਹੋ ਸਕਦੇ ਹਨ। ਇਸ ਰਿਜ਼ਰਵ ਸੀਟ ਤੋਂ ਸੀਨੀਅਰ ਅਕਾਲੀ ਲੀਡਰ ਅਟਵਾਲ ਦੀ ਉਮੀਦਵਾਰੀ ਤਕਰੀਬਨ ਪੱਕੀ ਹੈ। ਸਿਰਫ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਚਰਨਜੀਤ ਅਟਵਾਲ ਐਤਵਾਰ ਸ਼ਾਮ ਜਲੰਧਰ ਆ ਗਏ ਤੇ ਇੱਥੋਂ ਦੇ ਲੀਡਰਾਂ ਦੇ ਨਾਲ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਉਹ ਜਲੰਧਰ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨਾਲ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਣਗੇ। ਪਿਛਲੀ ਵਾਰ ਇਸ ਸੀਟ ਤੋਂ ਅਕਾਲੀ ਵਿਧਾਇਕ ਪਵਨ ਟੀਨੂੰ ਚੋਣ ਲੜੇ ਸਨ ਜੋ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਤੋਂ ਹਾਰ ਗਏ ਸਨ। ਕਾਂਗਰਸ ਵੱਲੋਂ ਇਸ ਵਾਰ ਮੌਜੂਦਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਹੀ ਰਿਪੀਟ ਕਰਨ ਦੀ ਪੂਰੀ ਸੰਭਾਵਨਾ ਹੈ। ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਂ ਸਾਹਮਣੇ ਆਉਣ 'ਤੇ ਹੀ ਸਾਫ ਹੋਵੇਗਾ ਕਿ ਮੁਕਾਬਲਾ ਕਿੰਨੀ ਟੱਕਰ ਵਾਲਾ ਹੋ ਸਕਦਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਅਟਵਾਲ ਖੁਦ ਚੋਣ ਨਹੀਂ ਲੜੇ ਸਨ। ਉਨ੍ਹਾਂ ਦੇ ਵੱਡੇ ਬੇਟੇ ਇੰਦਰ ਇਕਬਾਲ ਸਿੰਘ ਲੁਧਿਆਣਾ ਦੀ ਰਾਏਕੋਟ ਸੀਟ ਤੋਂ ਚੋਣ ਲੜੇ ਜੋ ਤੀਜੇ ਨੰਬਰ 'ਤੇ ਰਹੇ ਸਨ। ਅਕਾਲੀ ਦਲ ਦੇ ਸੀਨੀਅਰ ਲੀਡਰਾਂ ਵਿੱਚੋਂ ਇੱਕ 81 ਸਾਲ ਦੇ ਚਰਨਜੀਤ ਅਟਵਾਲ ਦਲਿਤ ਭਾਈਚਾਰੇ ਨਾਲ ਸਬੰਧਤ ਹਨ ਤੇ ਐਮਰਜੈਂਸੀ ਦੇ ਦਿਨਾਂ ਵਿੱਚ ਜੇਲ੍ਹ ਵੀ ਕੱਟ ਚੁੱਕੇ ਹਨ। ਅਕਾਲੀ ਦਲ ਇਸ ਵਾਰ ਸਾਫ ਅਕਸ ਵਾਲੇ ਵੱਡੇ ਲੀਡਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦਾ ਹੈ ਤਾਂ ਜੋ ਬੇਅਦਬੀਆਂ ਸਮੇਤ ਹੋਰਨਾਂ ਕਾਰਨਾਂ ਕਰਕੇ ਲੋਕਾਂ ਦੇ ਮਨਾਂ 'ਚ ਅਕਾਲੀ ਦਲ ਖ਼ਿਲਾਫ਼ ਭਰੇ ਗੁੱਸੇ ਨੂੰ ਕੁਝ ਸ਼ਾਂਤ ਕੀਤਾ ਜਾ ਸਕੇ। ਚਰਨਜੀਤ ਅਟਵਾਲ 14ਵੀਂ ਲੋਕ ਸਭਾ ਵਿੱਚ ਫਿਲੌਰ ਸੀਟ ਤੋਂ ਐਮਪੀ ਚੁਣੇ ਗਏ ਸਨ ਤੇ ਸਾਲ 2004 ਤੋਂ 2009 ਤਕ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ। ਪੰਜਾਬ ਵਿਧਾਨ ਸਭਾ ਵਿੱਚ ਦੋ ਵਾਰ ਸਪੀਕਰ ਬਣੇ। ਪਹਿਲੀ ਵਾਰ 1997 ਤੋਂ 2002 ਤੇ ਦੂਜੀ ਵਾਰ 2012 ਤੋਂ 2017 ਤਕ। ਅਜਿਹੇ ਪੋਰਟਫੋਲੀਓ ਵਾਲਾ ਸਿਆਸਤਦਾਨ ਅਕਾਲੀ ਦਲ ਲਈ ਵੀ ਆਦਰਸ਼ ਉਮੀਦਾਵਰ ਸਾਬਤ ਹੋ ਸਕਦਾ ਹੈ, ਬੇਸ਼ੱਕ ਉਨ੍ਹਾਂ ਨੂੰ ਆਪਣੇ ਜੱਦੀ ਹਲਕੇ ਵਿੱਚੋਂ ਪੁੱਟ ਕੇ ਕਿਤੋਂ ਹੋਰ ਲੜਾਇਆ ਜਾਵੇ।