ਚੰਡੀਗੜ੍ਹ: ਪੰਜਾਬ ਸਰਕਾਰ 'ਚ ਅੱਜ-ਕੱਲ੍ਹ ਚਮਤਕਾਰੀ ਘਟਨਾਵਾਂ ਹੋ ਰਹੀਆਂ ਹਨ। ਵੈਸੇ ਤਾਂ ਸਰਕਾਰੀ ਪ੍ਰਬੰਧ ਨਿਯਮ ਕਾਨੂੰਨ ਮੁਤਾਬਕ ਚੱਲਦੇ ਹਨ ਪਰ ਪੰਜਾਬ ਸਰਕਾਰ 'ਚ ਅੱਜ-ਕੱਲ੍ਹ ਟਾਸ ਕਰ ਕਰ ਲੌਟਰੀਆਂ ਕੱਢ ਰਹੀ ਹੈ। ਅਜਿਹੀ ਟਾਸ ਲੌਟਰੀ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਵੀ ਕੱਢੀ ਹੈ। ਉਨ੍ਹਾਂ ਨੌਕਰੀ ਦੇ ਪੋਸਟਿੰਗ ਆਰਡਰ ਲਈ ਸਿੱਕੇ ਉਛਾਲ ਕੇ ਆਰਡਰ ਦਿੱਤੇ।

ਮੰਤਰੀ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮਹਿਕਮੇ ਲਈ ਨਵੇਂ ਭਰਤੀ ਕੀਤੇ ਮਕੈਨੀਕਲ ਲੈਕਚਰਾਰਜ਼ ਨੂੰ ਪੋਸਟਿੰਗ ਦੇਣੀ ਸੀ। ਇਹ ਕੁੱਲ 37 ਮੁਲਾਜ਼ਮ ਸਨ। ਬਾਕੀ ਸਾਰੀਆਂ ਨਿਯੁਕਤੀਆਂ ਦੇ ਆਰਡਰ ਤਾਂ ਦਿੱਤੇ ਗਏ ਪਰ ਪੌਲੀਟੈਕਨਿਕ ਬਰੇਟਾ ਦੀ ਪੋਸਟਿੰਗ ਲਈ ਦੋ ਲੈਕਚਰਾਰਜ਼ ਨੇ ਬਰਾਬਰ ਦਾਅਵਾ ਕਰ ਦਿੱਤਾ। ਮੰਤਰੀ ਸਾਬ੍ਹ ਨੇ ਐਲਾਨ ਕੀਤਾ ਕਿ ਇਸ ਦਾ ਨਿਬੇੜਾ ਟਾਸ ਕਰ ਕੇ ਕੀਤਾ ਜਾਵੇਗਾ।



ਉਨ੍ਹਾਂ ਇੱਕ ਸਿੱਕਾ ਲਿਆ। ਦੋਹਾਂ ਉਮੀਦਵਾਰਾਂ ਤੋਂ ਪੁੱਠ-ਸਿੱਧ ਦੀ ਚੋਣ ਪੁੱਛੀ ਕੁਰਸੀ ਤੇ ਬੈਠਿਆਂ ਹੀ ਸਭ ਦੇ ਸਾਹਮਣੇ ਸਿੱਕਾ ਉਛਾਲਿਆ। ਬਾਅਦ 'ਚ ਜਿਸ ਦਾ ਪਾਸਾ ਉੱਪਰ ਆਇਆ ਉਸ ਨੂੰ ਬਰੇਟਾ ਸ਼ਹਿਰ ਦੇ ਆਰਡਰ ਦੇ ਦਿੱਤੇ ਗਏ।

ਚੰਨੀ ਨੇ ਇਸ ਵਿਧੀ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਮੈਂ ਕੁਝ ਗ਼ਲਤ ਕੰਮ ਨਹੀਂ ਕੀਤਾ। ਇੱਕ ਪੋਸਟ ਲਈ ਦੋ ਇੱਕੋ ਜਿਹੇ ਦੋ ਦਾਅਵੇਦਾਰ ਹੋ ਗਏ ਸਨ ਤਾਂ ਮੈਂ ਫੈਸਲਾ ਟਾਸ ਕਰ ਕੇ ਕਰ ਦਿੱਤਾ। ਇਸ ਤੋਂ ਵੱਧ ਹੋਰ ਕੁਝ ਨਹੀਂ।

ਚਰਨਜੀਤ ਚੰਨੀ ਪਹਿਲਾਂ ਹੀ ਜੋਤਸ਼ੀਆਂ ਤੋਂ ਪੁੱਛਿਆ ਲੈਣ ਕਰ ਕੇ, ਹਾਥੀ ਦੀ ਸਵਾਰੀ ਕਰਨ ਤੋਂ ਇਲਾਵਾ ਹੋ ਕਈ ਵਾਰ ਚਰਚਾ 'ਚ ਰਹੇ ਹਨ। ਸੂਤਰਾਂ ਮੁਤਾਬਕ ਉਹ ਹਰ ਕੰਮ ਜੋਤਸ਼ੀਆਂ ਤੇ ਵਸਤੂਸ਼ਾਸ਼ਤਰੀਆਂ ਤੋਂ ਪੁੱਛੇ ਬਿਨਾ ਨਹੀਂ ਕਰਦੇ।