ਚੰਡੀਗੜ੍ਹ: ਪੰਚਕੂਲਾ ਅਦਾਲਤ ਨੇ ਸ਼ੁੱਕਰਵਾਰ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਦੋਸ਼ ਆਇਦ ਕਰ ਦਿੱਤੇ ਹਨ। ਡੇਰਾ ਮੁਖੀ ਵਿਰੁੱਧ ਧੋਖਾਧੜੀ, ਖ਼ਤਰਨਾਕ ਹਥਿਆਰਾਂ ਦੀ ਵਰਤੋਂ ਕਰਦਿਆਂ ਮਾਰੂ ਫੱਟ ਦੇਣ ਸਬੰਧੀ ਧਾਰਾਵਾਂ ਤੈਅ ਹੋਈਆਂ ਹਨ। ਜ਼ਿਕਰਯੋਗ ਹੈ ਕਿ ਡੇਰਾ ਮੁਖੀ 'ਤੇ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਇਲਜ਼ਾਮ ਹੈ।

ਇਸ ਮਾਮਲੇ ਵਿੱਚ ਦੋ ਡਾਕਟਰਾਂ ਦੀ ਨੇੜਲੀ ਭੂਮਿਕਾ ਮੰਨੀ ਜਾ ਰਹੀ ਹੈ। ਉਨ੍ਹਾਂ 'ਤੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਲਈ ਅਪਰਾਧਕ ਸਾਜਸ਼ ਰਚਣ ਦੇ ਦੋਸ਼ ਆਇਦ ਹੋਏ ਹਨ। 23 ਦਸਬੰਰ 2014 ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਵਾਲੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ।

ਅਦਾਲਤ ਨੇ ਇਹ ਹੁਕਮ ਡੇਰੇ ਦੇ ਸਾਬਕਾ ਪ੍ਰੇਮੀ ਹੰਸਰਾਜ ਚੌਹਾਨ ਵੱਲੋਂ ਦਾਇਰ ਕੀਤੀ ਪਟੀਸ਼ਨ 'ਤੇ ਦਿੱਤੇ। ਹੰਸਰਾਜ ਦਾ ਦਾਅਵਾ ਹੈ ਕਿ ਡੇਰਾ ਮੁਖੀ ਦੇ ਹੁਕਮਾਂ 'ਤੇ ਉਸ ਨੂੰ ਵੀ ਨਿਪੁੰਸਕ ਬਣਾ ਦਿੱਤਾ ਗਿਆ ਸੀ। ਡੇਰਾ ਮੁਖੀ ਨੂੰ 28 ਅਗਸਤ, 2017 ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਇਸ ਸਮੇਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਹੈ।